ਗੁਰਬਾਣੀ ਦੀ ਸਰਲ ਵਿਆਖਿਆ ਭਾਗ(177)
ਸਿਰੀਰਾਗੁ ਮਹਲਾ 1 ॥
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥1॥
ਜੇ ਜੀਵਾਂ ਦਾ ਮਨ, ਵਿਕਾਰਾਂ ਦੀ ਛੋਹ ਨਾਲ ਜੂਠਾ ਹੋ ਚੁੱਕਾ ਹੈ, ਤਾਂ ਉਸ ਦੇ ਸਰੀਰ ਵਿਚ ਵੀ ਜੂਠ ਹੀ ਜੂਠ ਹੈ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵੱਲ ਹੀ ਦੌੜਦੇ ਹਨ, ਉਸ ਦੀ ਜੀਭ, ਖਾਣ ਦੇ ਚਸਕਿਆਂ ਨਾਲ ਜੂਠੀ ਹੋਈ ਰਹਿੰਦੀ ਹੈ, ਜੂਠੇ ਮੂੰਹ ਨਾਲ ਝੂਠ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ। ਅਜਿਹਾ ਜੀਵ ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ, ਅੰਦਰੋਂ ਸੁੱਚਾ ਕਦੇ ਵੀ ਨਹੀਂ ਹੋ ਸਕਦਾ। ਗੁਰੂ ਦੇ ਸ਼ਬਦ-ਜਲ ਤੋਂ ਬਿਨਾ, ਮਨ ਮਾਰਿਆ ਨਹੀਂ ਜਾ ਸਕਦਾ, ਤੇ ਇਹ ਸੱਚ, ਸਿਮਰਨ ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ।1।
ਮੁੰਧੇ ਗੁਣਹੀਣੀ ਸੁਖੁ ਕੇਹਿ ॥
ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥1॥ ਰਹਾਉ ॥
ਹੇ ਭੋਲੀ ਜੀਵ-ਇਸਤ੍ਰੀਏ, ਜੋ ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ ਗੁਣਾਂ ਤੋਂ ਸੱਖਣੀ ਹੈ, ਉਸ ਨੂੰ ਬਾਹਰੋਂ ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ। ਆਤਮਕ ਸੁਖ ਉਸ ਨੂੰ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜੀ ਹੋਈ ਹੈ, ਜੋ ਪ੍ਰਭੂ ਦੇ ਪਿਆਰ ਵਿਚ ਮਸਤ ਹੈ। ਪਤੀ-ਪ੍ਰਭੂ ਦੇ ਮਿਲਾਪ ਦਾ ਸੁਖ, ਉਹੀ ਜੀਵ-ਇਸਤ੍ਰੀ ਆਨੰਦ ਨਾਲ ਮਾਣਦੀ ਹੈ।1।ਰਹਾਉ।
ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥2॥
ਜੇ ਪਤੀ-ਪ੍ਰਭੂ, ਜੀਵ-ਇਸਤ੍ਰੀ ਦੇ ਹਿਰਦੇ ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ ਹੋਰ ਹੋਰ ਹਿਰਦੇ ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ, ਅੰਦਰੋ-ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ। ਜਿਵੇਂ ਥੋੜੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ। ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ ਜੀਵ-ਇਸਤ੍ਰੀ ਚੰਗੀ ਲੱਗੇ, ਜਦੋਂ ਉਹ ਆਪ ਉਸ ਤੇ ਮਿਹਰ ਦੀ ਨਦਰ ਕਰੇ।2।
ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥3॥
ਹੇ ਜੀਵ-ਇਸਤ੍ਰੀ, ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ, ਸਤ-ਸੰਗਤ ਵਿਚ ਬੈਠ ਕੇ ਆਪਣੇ ਪਤੀ-ਪ੍ਰਭੂ ਦੀ ਸਿਫਤ-ਸਾਲਾਹ ਕਰ। ਜਿਹੜੀ ਜੀਵ-ਇਸਤ੍ਰੀ ਸਿਫਤ-ਸਾਲਾਹ ਕਰਦੀ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ, ਪ੍ਰਭੂ ਦੇ ਪ੍ਰੇਮ ਵਿਚ ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਉਸ ਦਾ ਦਰਸ਼ਨ ਕਰਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ-ਪਰਮਾਤਮਾ ਉਸ ਨੂੰ ਪਿਆਰ ਕਰਦਾ ਹੈ।3।
ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥4॥
ਗੁਣਾਂ ਤੋਂ ਸੱਖਣੀ, ਹੋਣ ਕਰ ਕੇ, ਜਿਹੜੀ ਜੀਵ ਇਸਤ੍ਰੀ ਅੰਦਰੋਂ ਖੋਟੀ ਹੈ, ਤੇ ਔਗੁਣਾਂ ਨਾਲ ਭਰੀ ਹੋਈ ਹੈ, ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਨਾ ਇਸ ਲੋਕ ਵਿਚ ਤੇ ਨਾ ਪਰਲੋਕ ਵਿਚ, ਕਿਤੇ ਵੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ, ਝੂਠ ਵਿਚ, ਵਿਕਾਰ ਵਿਚ ਉਹ ਸੜ ਜਾਂਦੀ ਹੈ, ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ, ਉਸ ਦੇ ਵਾਸਤੇ ਜਨਮ-ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ, ਕਿਉਂਕਿ ਪ੍ਰਭੂ-ਪਤੀ ਨੇ ਉਸ ਨੂੰ ਵਿਸਾਰ ਦਿੱਤਾ ਹੁੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)