ਗੁਰਬਾਣੀ ਦੀ ਸਰਲ ਵਿਆਖਿਆ ਭਾਗ(178)
ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥5॥
ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ ਫਸਣ ਕਰ ਕੇ ਛੁੱਟੜ ਹੋ ਗਈ ? ਉਹ ਕਿਉਂ ਵਿਅਰਥ ਫਜ਼ੂਲ ਬੋਲ ਬੋਲਦੀ ਹੈ ? ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦੇ। ਉਹ ਜੀਵ-ਇਸਤ੍ਰੀ, ਪ੍ਰਭੂ ਨੂੰ ਭੁਲਾ ਕੇ, ਮਾਇਆ ਦੇ ਸਵਾਦ ਵਿਚ ਫਸਣ ਕਰ ਕੇ ਛੁੱਟੜ ਹੋਈ ਹੈ, ਤਾਂ ਹੀ ਉਸ ਨੂੰ ਪ੍ਰਭੂ ਦੇ ਦਰ ਤੇ, ਪ੍ਰਭੂ ਦੇ ਮਹਲ ਵਿਚ ਟਿਕਣ ਲਈ ਆਸਰਾ ਨਹੀਂ ਮਿਲਦਾ, ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ।5।
ਪੰਡਿਤ ਵਾਚਹਿ ਪੋਥੀਆ ਨਾ ਬ ੂਝਹਿ ਵੀਚਾਰੁ ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥6॥
ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ, ਪਰ ਅੰਦਰੋਂ ਗੁਣ-ਹੀਨ ਹੋਣ ਕਰ ਕੇ ਉਨ੍ਹਾਂ ਪੁਸਤਕਾਂ ਦੀ ਵਿਚਾਰ ਨਹੀਂ ਸਮਝਦੇ, ਹੋਰਨਾਂ ਨੂੰ ਹੀ ਮੱਤਾਂ ਦੇ ਕੇ, ਜਗਤ ਤੋਂ ਚਲੇ ਜਾਂਦੇ ਹਨ, ਉਨ੍ਹਾਂ ਦਾ ਇਹ ਸਾਰਾ ਉੱਦਮ ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ। ਸਾਰਾ ਜਗਤ ਝੂਠੀ ਕਰਨੀ ਵਿਚ ਹੀ ਭਟਕਦਾ ਰਹਿੰਦਾ ਹੈ, ਆਮ ਕਰ ਕੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ। ਪਰਮਾਤਮਾ ਦੀ ਸਿਫਤ-ਸਾਲਾਹ ਦਾ ਸ਼ਬਦ, ਹਿਰਦੇ ਵਿਚ ਟਿਕਾਈ ਰੱਖਣਾ ਹੀ ਸ੍ਰੇਸ਼ਟ ਰਹਿਣੀ ਹੈ।6।
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥7॥
ਅਨੇਕਾਂ ਹੀ ਪੰਡਿਤ ਜੋਤਸ਼ੀ ਆਦਿਕ ਵੇਦਾਂ ਦੇ ਮੰਤ੍ਰਾਂ ਨੂੰ ਵਿਚਾਰਦੇ ਹਨ, ਆਪੋ-ਵਿਚ ਮਤ-ਭੇਦ ਹੋਣ ਦੇ ਕਾਰਨ, ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ ਵਾਹ ਵਾਹ ਕਹਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਨ੍ਹਾਂ ਦਾ ਜਨਮ-ਮਰਨਬਣਿਆ ਰਹਿੰਦਾ ਹੈ। ਕੋਈ ਵੀ ਮਨੁੱਖ, ਨਿਰਾ ਚੰਗਾ ਵਖਿਆਨ ਕਰ ਕੇ ਜਾਂ ਸੁਣ ਕੇ ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ-ਮਰਨ ਦੇ ਗੇੜ ਵਿਚੋਂ ਖਲਾਸੀ ਹਾਸਲ ਨਹੀਂ ਕਰ ਸਕਦਾ। ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ, ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ।7।
ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥8॥5॥
ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲਗਦੀਆਂ ਹਨ, ਉਹੀ ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਅਜਿਹਾ ਗੁਣ ਨਹੀਂ ਹੈ, ਜਿਸ ਦੀ ਬਰਕਤ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ। ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲਗ ਜਾਵੇ, ਤਾਂ ਮੈਂ ਵੀ ਉਸ ਦੀ ਸੁਹਣੀ ਨਾਰ ਬਣ ਜਾਵਾਂ। ਹੇ ਨਾਨਕ, ਗੁਰੂ ਦੇ ਸ਼ਬਦ ਵਿਚ ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ ਸੋਹਣਾ ਮਲਾਪ ਹਾਸਲ ਕਰ ਲਿਆ ਹੈ, ਉਸ ਦਾ ਪਰਮਾਤਮਾ ਦੇ ਚਰਨਾਂ ਨਾਲੋਂ ਫਿਰ ਵਿਛੋੜਾ ਨਹੀਂ ਹੁੰਦਾ।8।5।
ਚੰਦੀ ਅਮਰ ਜੀਤ ਸਿੰਘ (ਚਲਦਾ)