ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(179)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(179)
Page Visitors: 60

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(179)         
    ਸਿਰੀਰਾਗੁ ਮਹਲਾ 1
     ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥
     ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥
     ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥1
       ਜੇ ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ ਪਾਠ ਕੀਤਾ ਜਾਏ, ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਵੇ, ਜੇ ਖਲਕਤ ਦੇ ਭਲੇ ਵਾਸਤੇ ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ, ਪਰ ਪਰਮਾਤਮਾ ਦਾ ਸਿਮਰਨ ਨਾ ਕੀਤਾ ਜਾਵੇ, ਤਾਂ ਪ੍ਰਭੂ ਸਿਮਰਨ ਤੋਂ ਬਗੈਰ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ, ਜੇ ਸਿਮਰਨ ਨਹੀਂ ਕੀਤਾ ਤਾਂ ਆਤਮਕ ਗੁਣ ਕਿੱਥੋਂ ਆ ਜਾਣ ? ਤੇ ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ।1    
     ਮੁੰਧੇ ਗੁਣ ਦਾਸੀ ਸੁਖੁ ਹੋਇ ॥
     ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥1ਰਹਾਉ ॥
       ਹੇ ਭੋਲੀ ਜੀਵ-ਇਸਤ੍ਰੀ, ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ, ਗੁਣਾਂ ਦੀ ਖਾਤਰ, ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਹੋਵੇਗਾ। ਔਗਣਾਂ ਨੂੰ ਛੱਡ ਕੇ ਹੀ ਪ੍ਰਭੂ ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ।1ਰਹਾਉ।
     ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥
     ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥
     ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥2
       ਸਰਮਾਏ ਤੋਂ ਬਿਨਾ ਵਪਾਰੀ, ਨਫੇ ਵਾਸਤੇ ਵਿਅਰਥ ਹੀ ਚੌਹੀਂ ਪਾਸੀਂ ਝਾਕਦਾ ਹੈ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਮੂਲ ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ, ਉਸ ਦੇ ਹਿਰਦੇ-ਘਰ ਦੇ ਅੰਦਰ ਹੀ ਅਣਪਛਾਤਾ ਪਿਆ ਰਹਿੰਦਾ ਹੈ। ਨਾਸ਼ਵੰਤ ਪਦਾਰਥਾਂ ਦੀ ਵਪਾਰਨ ਜੀਵ-ਇਸਤ੍ਰੀ, ਕੂੜ ਵਿਚ ਲੱਗ ਕੇ ਆਤਮਕ ਗੁਣਾਂ ਵਲੋਂ ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਸੱਖਣੀ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ।2 
     ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥
     ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥
     ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ3
       ਜਿਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ, ਨਾਮ ਦੀ ਕੀਮਤ ਪਾਉਂਦਾ ਹੈ, ਉਸ ਨੂੰ ਦਿਨ-ਰਾਤ ਆਤਮਕ ਗੁਣਾਂ ਦਾ ਨਿੱਤ-ਨਵਾਂ ਲਾਭ ਹੁੰਦਾ ਹੈ। ਜਿਹੜਾ ਮਨੁੱਖ ਨਾਮ ਦੇ ਵਪਾਰੀ ਸਤ-ਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿਚ ਲਿਆਉਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਏਥੋਂ ਜਾਂਦਾ ਹੈ।3 
     ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥
     ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥
     ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥4
       ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖਜ਼ਾਨਾ ਲਭਾਅ ਸਕਦਾ ਹੈ। ਜੇ ਉਸ ਖਜ਼ਾਨੇ ਨਾਲ ਮਿਲਾਪ-ਕਰਾਣ ਦੇ ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖਜ਼ਾਨਾ ਸੰਤ-ਜਨਾਂ ਦੀ ਸੰਗਤ ਵਿਚ ਰਿਹਾਂ ਲੱਭ ਸਕਦਾ ਹੈ, ਤੇ ਜਿਸ ਮਨੁੱਖ ਦੇ ਅੰਦਰ ਬੇ-ਅੰਤ ਪ੍ਰਭੂ ਦੀ ਜੋਤ ਇਕ ਵਾਰੀ ਜਗ ਪਏ, ਉਹ ਪ੍ਰਭੂ ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿਛੁੱੜਦਾ ਨਹੀਂ, ਕਿਉਂਕਿ ਉਹ ਅਡੋਲ ਅਆਤਮਕ ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਨਾਲ ਪਾ ਲੈਂਦਾ ਹੈ।4 
     ਚੰਦੀ ਅਮਰ ਜੀਤ ਸਿੰਘ       (ਚਲਦਾ)           

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.