ਗੁਰਬਾਣੀ ਦੀ ਸਰਲ ਵਿਆਖਿਆ ਭਾਗ(181)
ਸਿਰੀਰਾਗੁ ਮਹਲਾ 1 ॥
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥1॥
ਹੇ ਭਾਈ, ਗੁਰੂ ਦੀ ਰਾਹੀਂ ਹੀ, ਉਸ ਪਵਿੱਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ, ਸਾਰੇ ਗਿਆਨ ਇੰਦਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ। ਗੁਰੂ (ਸ਼ਬਦ ਗੁਰੂ) ਦੀ ਕਿਰਪਾ ਨਾਲ, ਉਹ ਸਦਾ-ਥਿਰ ਪਵਿੱਤ੍ਰ ਪ੍ਰਭੂ, ਜੋ ਮਨੁੱਖ ਦੀ ਅੰਦਰਲੀ ਵੇਦਨਾ ਜਾਣਦਾ ਹੈ, ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ, ਇਸ ਪ੍ਰਕਾਸ਼ ਦੀ ਬਰਕਤ ਨਾਲ ਮਨ, ਸਹਜ ਅਵਸਥਾ ਵਿਚ ਟਿਕ ਜਾਂਦਾ ਹੈ, ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਵੀ ਨਹੀਂ ਪੋਂਹਦਾ, ਮੌਤ ਦਾ ਡਰ ਵੀ ਨਹੀਂ ਵਿਆਪਦਾ।1।
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥1॥ ਰਹਾਉ ॥
ਹੇ ਭਾਈ, ਜਿਵੇਂ ਸਾਫ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ ਪਵਿੱਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਇਸ ਵਾਸਤੇ ਹੇ ਭਾਈ, ਉਸ ਆਤਮਕ ਇਸ਼ਨਾਨ ਦੀ ਖਾਤਰ ਪਰਮਾਤਮਾ ਦੀ ਸਿਫਤ-ਸਾਲਾਹ ਕਰ, ਤੇ ਆਖ, ਹੇ ਪ੍ਰਭੂ, ਸਿਰਫ ਤੂੰ ਸਦਾ-ਥਿਰ ਪ੍ਰਭੂ ਹੀ ਪਵਿੱਤ੍ਰ ਹੈਂ, ਬਾਕੀ ਹੋਰ ਹਰੇਕ ਥਾਂ ਮਾਇਆ ਦੇ ਮੋਹ ਦੀ ਮੈਲ ਨਾਲ ਭਰੀ ਹੋਈ ਹੈ।1।ਰਹਾਉ।
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥2॥
ਜਿਸ ਮਨੁੱਖ ਉੱਤੇ ਗੁਰੂ ਤਰੁਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਣਹਾਰ ਕਰਤਾਰ ਨੇ ਆਪਣੇ ਰਹਿਣ ਲਈ ਸੋਹਣਾ ਮਹਲ ਬਣਾ ਲਿਆ ਹੈ, ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤ, ਉਸ ਦੇ ਅੰਦਰ ਜਗ ਪੈਂਦੀ ਹੈ, ਉਸ ਦੇ ਅੰਦਰ ਸੂਰਜ ਤੇ ਚੰਦ, ਮਾਨੋ ਦੀਵੇ ਜਗ ਪੈਂਦੇ ਹਨ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ-ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।2।
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਐਸਾ ਸਤਿਗੁਰ ਜੇ ਮਿਲੈ ਤਾ ਸਹਜੇ ਲਏ ਮਿਲਾਇ ॥3॥
ਜੇ ਮਨੁੱਖ ਆਪਣੇ ਮਨ ਨੂੰ ਇਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਵੱਸਦੇ ਅਣ-ਵੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ। ਹੇ ਭਾਈ ਤੂੰ ਵੀ, ਪ੍ਰਭੂ ਦੀ ਰਜ਼ਾ ਵਿਚ ਰਹਿ ਕੇ, ਸਭ-ਡਰ, ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ, ਉਸ ਪ੍ਰਭੂ ਨੂੰ ਹਰ ਥਾਂ ਵਿਆਪਕ ਵੇਖ ਲਵੇਂ, ਵੇਖ ਸਕਦਾ ਹੈ। ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਜਾਵੇ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ।3।
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥4॥
ਜਿਵੇਂ ਸੋਨੇ ਨੂੰ ਪਰਖਣ ਲਈ ਕਸਵੱਟੀ ਉੱਤੇ ਕਸ ਲਾਈਦੀ ਹੈ, ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ ਬੜੇ ਪਿਆਰ ਨਾਲ, ਧਿਆਨ ਲਾ ਕੇ ਪਰਖਦਾ ਹੈ, ਖੋਟਿਆਂ ਨੂੰ ਉਸ ਦੇ ਦਰ ਤੇ ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ। ਹੇ ਭਾਈ, ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੌਂ ਦੁਨੀਆਂ ਵਾਲੀਆਂ ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਵੇਗੀ, ਤੇ ਮਨ, ਪ੍ਰਭੂ ਚਰਨਾਂ ਵਿਚ ਲੀਨ ਹੋ ਜਾਵੇਗਾ।4।
ਚੰਦੀ ਅਮਰ ਜੀਤ ਸਿੰਘ (ਚਲਦਾ)