ਗੁਰਬਾਣੀ ਦੀ ਸਰਲ ਵਿਆਖਿਆ ਭਾਗ(182)
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥5॥
ਹਰੇਕ ਜੀਵ ਦੁਨੀਆਂ ਵਾਲਾ ਸੁਖ ਮੰਗਦਾ ਹੈ, ਕੋਈ ਵੀ ਦੁੱਖ ਨਹੀਂ ਮੰਗਦਾ। ਪਰ ਮਾਇਕ ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ ਭੇਤ ਦੀ ਸਮਝ ਨਹੀਂ ਆਉਂਦੀ, ਉਹ ਦੁਨੀਆਂ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਞਿਆਂ ਰਹਿੰਦਾ ਹੈ। ਅਸਲ ਵਿਚ ਦੁਨੀਆਂ ਦੇ ਸੁਖ ਅਤੇ ਦੁੱਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਾਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਵੇ, ਮਨ ਨੂੰ ਨੱਥ ਕੇ ਦੁਨੀਆਂ ਦੇ ਮੌਜ-ਮੇਲਿਆਂ ਵਲੋਂ ਰੋਕ ਰੱਖਿਆ ਜਾਵੇ।5।
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥6॥
ਬਿਆਸ ਰਿਸ਼ੀ ਤਾਂ ਮੁੜ ਮੁੜ ਕੇ ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, ਪਰ ਹੇ ਭਾਈ ਪਰਮਾਤਮਾ ਦੀ ਸਿਫਤ-ਸਾਲਾਹ ਦੀ ਬਾਣੀ ਨੂੰ ਸਮਝਣਾ ਚਾਹੀਦਾ ਹੈ। ਅਸਲੀ ਮੁਨੀ, ਜਨ-ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਨਾਮ, ਉਸ ਦੇ ਹੁਕਮ, ਉਸ ਦੀ ਰਜ਼ਾ ਵਿਚ ਰੰਗੇ ਹੋਏ ਹਨ। ਜਿਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਸੰਸਾਰ ਤੋਂ ਜੀਵਨ-ਬਾਜ਼ੀ ਜਿੱਤ ਕੇ ਜਾਂਦੇ ਹਨ। ਮੈਂ ਵੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ।6।
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥7॥
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ, ਉਹ ਸਦਾ ਹੀ ਮੈਲੇ ਮਨ ਵਾਲੇ ਹਨ, ਉਨ੍ਹਾਂ ਦੇ ਮਨ, ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ। ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਝੇ ਬੰਦਿਆਂ ਦਾ ਮੂੰਹ ਪ੍ਰਭੂ ਦੀ ਹਜ਼ੂਰੀ ਵਿਚ ਕਾਲਾ ਦਿਸਦਾ ਹੈ, ਉਹ ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ। ਜਿਸ ਜਿਸ ਜੀਵ ਇਸਤ੍ਰੀ ਨੈ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ।7।
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥8॥7॥
ਗੁਰੂ ਦੀ ਰਾਹੀਂ ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਧਾਰਨ ਕੀਤਿਆਂ, ਗੁਰੂ ਦਾ ਮਿਲਾਇਆ ਪਰਮਾਤਮਾ ਮਿਲ ਪੈਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ-ਆਤਮੇ ਹੀ ਟਿਕ ਜਾਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਹੇ ਨਾਨਕ, ਜੇਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਦੇ ਜੀਵਨ, ਪਵਿੱਤ੍ਰ ਤੇ ਰੌਸ਼ਨ ਹੋ ਜਾਂਦੇ ਹਨ।8।7।
ਚੰਦੀ ਅਮਰ ਜੀਤ ਸਿੰਘ (ਚਲਦਾ)