ਗੁਰਬਾਣੀ ਦੀ ਸਰਲ ਵਿਆਖਿਆ ਭਾਗ(183)
ਸਿਰੀਰਾਗੁ ਮਹਲਾ 1 ॥
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥1॥
ਹੇ ਕੁਰਾਹੇ ਪਏ ਕਮਲੇ ਮਨ, ਮੇਰੀ ਸਿਖਿਆ ਸੁਣ, ਕਿ ਗੁਰੂ ਦੀ ਸਰਨ ਪਉ, ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਪ੍ਰਭੂ ਦੇ ਹੁਕਮ, ਪ੍ਰਭੂ ਦੀ ਰਜ਼ਾ ਦਾ ਪਤਾ ਲਗਦਾ ਹੈ। ਤੂੰ ਵੀ ਉਹ ਹਰਿ-ਨਾਮ ਜਪ, ਪ੍ਰਭੂ ਦੀ ਰਜ਼ਾ ਵਿਚ ਚੱਲ, ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ, ਪ੍ਰਭੂ ਦਾ ਨਾਮ ਸਿਮਰਿਆਂ ਜਮ ਵੀ ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ। ਪਰ ਜਿਹੜੀ ਭਾਗ-ਹੀਣ ਜੀਵ ਇਸਤ੍ਰੀ ਨਾਮ ਨਹੀਂ ਸਿਮਰਦੀ, ਉਸ ਨੂੰ ਬਹੁਤ ਦੁੱਖ ਕਲੇਸ਼ ਵਿਆਪਦਾ ਹੈ, ਦੁੱਖਾਂ ਨੂੰ ਭਾਜੜ ਤਦ ਹੀ ਪੈ ਸਕਦੀ ਹੈ, ਜੇ ਸਿਰ ਉੱਤੇ ਸਾਂਈਂ-ਖਸਮ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਤੇ ਸਾਈਂ ਖਸਮ ਕਿਵੇਂ ਟਿਕਿਆ
ਹੋਇਆ ਪ੍ਰਤੀਤ ਹੋਵੇ ? ।1।
ਭਾਈ ਰੇ ਅਵਰੁ ਨਾਹੀ ਮੈ ਥਾਉ ॥
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥1॥ ਰਹਾਉ ॥
ਹੇ ਭਾਈ ਤੇਰੇ ਵਾਸਤੇ ਤਾਂ ਪ੍ਰਭੂ ਨਾਮ ਹੀ ਧਨ ਹੈ, ਨਾਮ ਦਾ ਖਜ਼ਾਨਾ ਹੈ, ਇਹ ਖਜ਼ਾਨਾ ਜਿਸ ਕਿਸੇ ਨੂੰ ਵੀ ਦਿੱਤਾ ਹੈ, ਗੁਰੂ ਨੇ ਹੀ ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ। ਨਾਮ ਖਜ਼ਾਨਾ ਹਾਸਲ ਕਰਨ ਲਈ, ਮੈਨੂੰ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਦਿਸਦਾ।।1।ਰਹਾਉ।
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥2॥
ਜਿਸ ਗੁਰੂ ਦੀ ਮੱਤ ਮਿਲਿਆਂ, ਇੱਜ਼ਤ ਮਿਲਦੀ ਹੈ, ਉਸ ਗੁਰੂ ਦੇ ਸ਼ਾਬਾਸ਼ ਹੈ। ਪ੍ਰਭੂ ਮਿਹਰ ਕਰੇ, ਮੈਂ ਉਸ ਗੁਰੂ ਦੀ ਸੰਗਤ ਵਿਚ ਮਿਲਿਆ ਰਹਾਂ। ਨਾਮ ਦੀ ਦਾਤ ਦੇਣ ਵਾਲੇ ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਵੀ ਨਹੀਂ ਰਹਿ ਸਕਦਾ, ਕਿਉਂ ਜੋ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ, ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾ ਭੁਲ੍ਹ ਜਾਏ, ਮੈਂ ਗੁਰੂ ਦਾ ਆਸਰਾ-ਪਰਨਾ ਲੈ ਕੇ ਗੁਰੂ ਚਰਨਾਂ ਵਿਚ ਜੁੜਿਆ ਰਹਾਂ।2।
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥3॥
ਜਿਨ੍ਹਾਂ ਦਾ ਗੁਰੂ, ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਗਿਆ ਹੋਵੇ, ਉਨ੍ਹਾਂ ਚੇਲਿਆਂ ਨੂੰ ਆਤਮਕ ਸੁਖ ਦਾ ਥਾਂ ਟਿਕਾਣਾ ਨਹੀਂ ਲੱਭ ਸਕਦਾ। ਪੂਰੇ ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ ਸੁਚੱਜਾ ਜੀਵਨ ਮਨੋਰਥ ਨਹੀਂ ਹੋ ਸਕਦਾ। ਨਾਮ ਤੋਂ ਵਾਂਝਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆਂ, ਪਛਤਾਵਾ ਹੀ ਨਾਲ ਲੈ ਗਿਆ, ਜਿਵੇਂ ਸੁੰਞੇ ਘਰ ਵਿਚ ਆ ਕੇ ਕਾਂ ਖਾਲੀ ਹੀ ਜਾਂਦਾ ਹੈ, ਤਿਵੇਂ ਹੀ ਸਮਝੋ ਉਹ ਬੰਦਾ ਜਗ ਤੋਂ ਖਾਲੀ ਹੱਥ ਹੀ ਗਿਆ।3।
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥4॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ, ਚਿੰਤਾ ਆਦਿ ਦਾ ਏਨਾ ਦੁੱਖ ਵਿਆਪਦਾ ਹੈ ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ, ਜਿਵੇਂ ਕੱਲਰ ਦੀ ਕੰਧ ਕਿਰਦੀ ਰਹਿੰਦੀ ਹੈ। ਇਸ ਨੂੰ ਕਿਰਨ ਤੋਂ ਬਚਾਉਣ ਲਈ ਤਦ ਤੱਕ ਪ੍ਰਭੂ ਦਾ ਮਹਲ, ਆਸਰਾ ਨਹੀਂ ਮਿਲਦਾ ਜਦ ਤੱਕ ਉਹ ਸਦਾ-ਥਿਰ ਪ੍ਰਭੂ, ਜੀਵ ਦੇ ਹਿਰਦੇ ਵਿਚ ਨਹੀਂ ਆ ਵੱਸਦਾ। ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਵੇ, ਤਾਂ ਪ੍ਰਭੂ ਦੀ ਹਜ਼ੂਰੀ ਦੀ ਓਟ ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਜਾਂਦੀ ਹੈ, ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।4।
ਚੰਦੀ ਅਮਰ ਜੀਤ ਸਿੰਘ (ਚਲਦਾ)