ਗੁਰਬਾਣੀ ਦੀ ਸਰਲ ਵਿਆਖਿਆ ਭਾਗ(186)
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥5॥
ਜੇ ਮਨ ਨਾਮ ਤੋਂ ਵਾਂਜਿਆਂ ਰਹੇ ਤਾਂ ਮਾਇਆ ਆਦਿ ਦੇ ਲਾਭ ਨਾਲ, ਇਕ ਖਿਨ ਵਿਚ ਹੀ ਇਉਂ ਹੁੰਦਾ ਹੈ ਜਿਵੇਂ ਜਿਊਂਦਾ ਹੋ ਗਿਆ ਹੈ, ਤੇ ਮਾਇਆ ਆਦਿ ਦੀ ਘਾਟ ਕਾਰਨ, ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ ਗੁਜ਼ਰਦਾ ਹੈ ਤਾਂ ਇਕ ਖਿਨ ਵਿਚ ਹੀ ਉਹ ਜਿਊ ਪੈਂਦਾ ਹੈ, ਇਕ ਖਿਨ ਗੁਜ਼ਰਦਾ ਹੈ ਤਾਂ ਉਹ ਮਰ ਜਾਂਦਾ ਹੈ, ਨਾਮ ਦੇ ਸਹਾਰੇ ਤੋਂ ਬਿਨਾ, ਮਾਇਆ ਜੀਵ ਦੇ ਜੀਵਨ ਦਾ ਸਹਾਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਵੇ ਤਾਂ ਸਹਮ। ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ, ਪ੍ਰਭੂ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ। ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ ਉਸ ਮਾਲਕ ਦੀ ਹਸਤੀ ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ, ਇਹ ਜ਼ਰੂਰ ਹੋ ਸਕਦਾ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ, ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ।5।
ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
ਕਾਰ ਕਮਾਵਿਹ ਸਚ ਕੀ ਲਾਹਾ ਮਿਲੈ ਰਜਾਇ ॥
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥6॥
ਸਾਰੇ ਜੀਵ ਵਣਜਾਰੇ, ਜੀਵ ਵਪਾਰੀ ਪਰਮਾਤਮਾ ਦੇ ਦਰ ਤੋਂ ਆਪਣੀ ਦਿਹਾੜੀ ਲਿਖਾ ਕੇ ਜਗਤ ਵਿਚ ਆਉਂਦੇ ਹਨ, ਹਰੇਕ ਨੂੰ ਜ਼ਿੰਦਗੀ ਦੇ ਸਵਾਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ। ਜਿਹੜੇ ਜੀਵ-ਵਪਾਰੀ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੀ ਕਾਰ ਕਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਆਤਮਕ ਜੀਵਨ ਦਾ ਲਾਭ ਮਿਲਦਾ ਹੈ। ਪਰ ਇਹ ਲਾਭ ਉਹ ਹੀ ਖੱਟ ਸਕਦੇ ਹਨ, ਜਿਨ੍ਹਾਂ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ, ਜਿਸ ਨੂੰ ਆਪਣੀ ਵਡਿਆਈ ਆਦਿ ਦਾ ਤਿਲ ਜਿੱਨਾ ਵੀ ਲਾਲਚ ਨਹੀਂ ਹੈ। ਜਿਨ੍ਹਾਂ ਨੂੰ ਗੁਰੂ ਮਿਲਦਾ ਹੈ, ਉਨ੍ਹਾਂ ਦੀ ਆਤਮਕ ਜੀਵਨ ਵਾਲੀ ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ।6।
ਗੁਰਮੁਖਿ ਤੋਲਿ ਤੁੋਲਾਇਸੀ ਸਚੁ ਤਰਾਜੀ ਤੋਲੁ ॥
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥7॥
ਇੰਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ, ਜਿਸ ਦੇ ਪੱਲੇ ਸੱਚ ਹੈ, ਉਹੀ ਸਫਲ ਹੈ, ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ, ਕਿਉਂਕਿ ਗੁਰੂ ਨੇ ਪਰਮਾਤਮਾ ਦੀ ਸਿਫਤ-ਸਾਲਾਹ ਦੀ ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ ਮਨ ਉੱਤੇ ਵਾਰ ਕਰਨ ਤੋਂ ਰੋਕ ਰੱਖਿਆ ਹੁੰਦਾ ਹੈ। ਪੂਰੇ ਪ੍ਰਭੂ ਦਾ ਇਹ ਤੋਲ ਦਾ ਮਿਆਰ ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ ਇਸ ਤੋਲ ਵਿਚ ਪੂਰਾ ਤੁਲਦਾ ਹੈ, ਜਿਸ ਨੂੰ ਪ੍ਰਭੂ ਸਿਮਰਨ ਦੀ ਦਾਤ ਦੇ ਕੇ ਆਪ ਮਿਹਰ ਦੀ ਨਜ਼ਰ ਨਾਲ ਤੁਲਾਂਦਾ ਹੈ।7।
ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥
ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥8॥9॥
ਨਿਰੀਆਂ ਗੱਲਾਂ ਕਰਨ ਨਾਲ, ਜਾਂ ਪੁਸਤਕਾਂ ਦੇ ਢੇਰਾਂ ਦੈ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ। ਜੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿੱਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
ਹੇ ਨਾਨਕ, ਜਿਸ ਨੂੰ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ, ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ।8।9।
ਚੰਦੀ ਅਮਰ ਜੀਤ ਸਿੰਘ (ਚਲਦਾ)