ਗੁਰਬਾਣੀ ਦੀ ਸਰਲ ਵਿਆਖਿਆ ਭਾਗ(187)
ਸਿਰੀਰਾਗੁ ਮਹਲਾ 1 ॥
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥1॥
ਪਰਮਾਤਮਾ ਦੇ ਗੁਣਾਂ ਦੀ ਵਿਚਾਰ ਮਾਨੋ, ਕੀਮਤੀ ਰਤਨ ਹੈ, ਇਹ ਰਤਨ ਤਦੋਂ ਹੀ ਮਿਲਦਾ ਹੈ, ਜੇ ਪੂਰਾ ਗੁਰੂ ਮਿਲ ਪਵੇ। ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ। ਗੁਰੂ ਦੀ ਕਿਰਪਾ ਨਾਲ ਨਾਮ ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖਲਾਸੀ ਦਿਵਾਂਦਾ ਹੈ, ਜੋ ਔਗਣ ਮਿਟਾਣ ਦੇ ਸਮਰੱਥ ਹੈ।1।
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥1॥ ਰਹਾਉ ॥
ਹੇ ਭਾਈ ਬੇਸ਼ੱਕ ਕੋਈ ਧਿਰ, ਪ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ, ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।1।ਰਹਾਉ।
ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥
ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥2॥
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ, ਗੁਰੂ ਦੀ ਰਾਹੀਂ ਹੀ ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫਤ-ਸਾਲਾਹ ਕਰਾਉਂਦਾ ਹੈ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਗੁਰੂ ਮਾਨੋ ਇਕ ਹਰਾ ਤੇ ਫਲਦਾਰ ਦਰਖਤ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ। ਲਾਲਾਂ ਜਵਾਹਰਾਂ ਤੇ ਮੋਤੀਆਂ, ਉੱਚੇ ਸੁੱਚੇ ਆਤਮਕ ਗੁਣਾਂ ਨਾਲ ਭਰਪੂਰ ਉਹ ਪਰਮਾਤਮਾ, ਗੁਰੂ ਦੇ ਖਜ਼ਾਨੇ ਵਿਚੋਂ ਹੀ ਮਿਲਦਾ ਹੈ।2।
ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥
ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥3॥
ਪਰਮਾਤਮਾ ਦੇ ਪਵਿੱਤ੍ਰ ਨਾਮ ਦਾ ਪਿਆਰ, ਗੁਰੂ ਦੇ ਖਜ਼ਾਨੇ ਵਿਚੋਂ ਹੀ ਮਿਲਦਾ ਹੈ। ਬੇਅੰਤ ਪਰਮਾਤਮਾ ਦਾ ਨਾਮ ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਗੁਰੂ ਨਾਮ ਦੀ ਬਖਸ਼ਿਸ਼ ਰਾਹੀਂ ਸੁਖ ਦੇਣ ਵਾਲਾ ਹੈ, ਦੁੱਖਾਂ ਨੂੰ ਮਿਟਾਣ ਵਾਲਾ ਹੈ, ਗੁਰੂ ਕਾਮਾਦਿਕ ਦੈਂਤਾਂ ਦਾ ਨਾਸ ਕਰਨ ਵਾਲਾ ਹੈ।3।
ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥
ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥
ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥4॥
ਇਹ ਸੰਸਾਰ ਸਮੁੰਦਰ ਬੜਾ ਬਿਖੜਾ ਹੈ, ਬੜਾ ਡਰਾਉਣਾ ਹੈ, ਜਿਸ ਦਾ ਨਾ ਕੋਈ ਕੰਢਾ ਦਿਸਦਾ ਹੈ ਨਾ ਪਾਰਲਾ ਬੰਨਾ । ਨਾ ਕੋਈ ਬੇੜੀ ਨਾ ਕੋਈ ਤੁਲ੍ਹਾ ਨਾ ਕੋਈ ਮਲਾਹ ਤੇ ਨਾ ਕੋਈ ਮਲਾਹ ਦਾ ਵੰਝ, ਕੋਈ ਵੀ ਇਸ ਸੰਸਾਰ ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ। ਸੰਸਾਰ ਸਮੁੰਦਰ ਦੇ ਖਤਰਿਆਂ ਤੋਂ ਬਚਾਣ ਵਾਲਾ ਜਹਾਜ਼ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)