ਗੁਰਬਾਣੀ ਦੀ ਸਰਲ ਵਿਆਖਿਆ ਭਾਗ(188)
ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥
ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥
ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥5॥
ਜਦੋਂ ਇਕ ਰਤਾ ਜਿੰਨੇ ਸਮੇ ਵਾਸਤੇ ਵੀ ਪਿਆਰਾ ਪ੍ਰਭੂ ਵਿੱਸਰ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁਖ ਆਨੰਦ ਦੂਰ ਹੋ ਜਾਂਦਾ ਹੈ। ਸੜ ਜਾਏ ਉਹ ਸੜਨ ਜੋਗੀ ਜ਼ਬਾਨ, ਜੋ ਸਵਾਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ। ਸਿਮਰਨ ਹੀਨ ਬੰਦੇ ਦਾ ਜਦੋਂ ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ, ਤਾਂ ਉਹ ਪਛਤਾਂਦਾ ਹੈ, ਪਰ ਉਸ ਵੇਲੇ ਪਛਤਾਣ ਦਾ ਕੀ ਲਾਭ ? ।5।
ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥6॥
ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ, ਇਹ ਮੇਰਾ ਧਨ ਹੈ, ਇਹ ਮੇਰੀ ਇਸਤ੍ਰੀ ਹੈ, ਪਰ ਨਾ ਸਰੀਰ, ਨਾ ਧਨ, ਨਾ ਇਸਤ੍ਰੀ, ਕੋਈ ਵੀ ਨਾਲ ਨਾ ਨਿਭਿਆ। ਪਰਮਾਤਮਾ ਦੇ ਨਾਮ ਤੋਂ ਬਿਨਾ, ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ ਮਨੁੱਖ, ਜ਼ਿੰਦਗੀ ਦੇ ਸਹੀ ਰਾਹ ਤੋਂ ਖੁੰਝ ਜਾਂਦਾ ਹੈ। ਇਸ ਵਾਸਤੇ ਹੇ ਭਾਈ, ਸਦਾ ਕਾਇਮ ਰਹਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।6।
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥
ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥7॥
ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਅਗਾਂਹ ਵੀ ਉਹੋ ਜਿਹੇ ਕਰਮ ਕਮਾਂਦਾ ਰਹਿੰਦਾ ਹੈ, ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜੀਵ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ। ਪਿਛਲੇ ਕਰਮਾਂ ਅਨੁਸਾਰ ਲਿਖਿਆ ਮੱਥੇ ਦਾ ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ? ਇਨ੍ਹਾਂ ਲਿਖੇ ਲੇਖਾਂ ਦੀ ਸੰਗਲੀ ਦੀ ਜਕੜ ਵਿਚੋਂ, ਪਰਮਾਤਮਾ ਦੇ ਨਾਮ ਤੋਂ ਬਿਨਾ ਖਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮੱਤ ਮਿਲਦੀ ਹੈ ਤਦੋਂ ਹੀ ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ।7।
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥8॥10॥
ਹੇ ਭਾਈ ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ, ਇਹ ਪ੍ਰਾਣ ਹਨ, ਉਸ ਤੋਂ ਬਿਨਾ ਸੰਸਾਰ ਵਿਚ ਮੇਰਾ ਕੋਈ ਆਸਰਾ ਨਹੀਂ ਹੈ। ਮੇਰੀ ਹਉਮੈ ਸੜ ਜਾਵੇ, ਮੇਰਾ ਇਹ ਆਪਣਾ-ਪਨ ਜਲ ਜਾਵੇ, ਮੇਰਾ ਇਹ ਲੋਭ ਸੜ ਜਾਵੇ ਤੇ ਮੇਰਾ ਇਹ ਹੰਕਾਰ ਸੜ-ਬਲ ਜਾਵੇ, ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ।
ਹੇ ਨਾਨਕ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਗੁਣਾਂ ਦਾ ਖਜ਼ਾਨਾ ਪਰਮਾਤਮਾ
ਮਿਲਦਾ ਹੈ ।8।10।
ਚੰਦੀ ਅਮਰ ਜੀਤ ਸਿੰਘ (ਚਲਦਾ)