ਗੁਰਬਾਣੀ ਦੀ ਸਰਲ ਵਿਆਖਿਆ ਭਾਗ(189)
ਸਿਰੀਰਾਗੁ ਮਹਲਾ 1 ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥1॥
ਹੇ ਮਨ, ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਨਾਲ ਹੈ, ਤੇ ਕੌਲ ਫੁੱਲ ਦਾ ਪਾਣੀ ਨਾਲ ਹੈ। ਕੌਲ ਫੁੱਲ ਪਾਣੀ ਦੀਆਂ ਲਹਿਰਾਂ ਨਾਲ ਧੱਕੇ ਖਾਂਦਾ ਹੈ, ਫਿਰ ਵੀ ਪਰਸਪਰ ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ ਹੀ ਹੈ, ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ। ਪਾਣੀ ਵਿਚ ਕੌਲ ਫੁੱਲਾਂ ਦੀਆਂ ਜਿੰਦਾਂ ਪੈਦਾ ਕਰ ਕੇ, ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ ਪਾਣੀ ਤੋਂ ਬਿਨਾ ਉਨ੍ਹਾਂ ਕੌਲ ਫੁੱਲਾਂ ਦੀ ਮੌਤ ਹੋ ਜਾਂਦੀ ਹੈ।1।
ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥1॥ ਰਹਾਉ ॥
ਹੇ ਮਨ, ਪ੍ਰਭੂ ਨਾਲ ਪਿਆਰ ਪਾਣ ਤੋਂ ਬਿਨਾ, ਤੂੰ ਮਾਇਆ ਦੇ ਹੱਲਿਆਂ ਤੋਂ ਬਚ ਨਹੀਂ ਸਕਦਾ। ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ, ਗੁਰੂ ਦੇ ਸਨਮੁੱਖ ਰਹਣ ਵਾਲੇ ਮਨੁੱਖਾਂ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ ਪ੍ਰਭੂ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਨ੍ਹਾਂ ਨੂੰ ਪ੍ਰਭੂ ਦੀ ਭਗਤੀ ਦੇ ਖਜ਼ਾਨੇ ਹੀ ਬਖਸ਼ ਦੇਂਦਾ ਹੈ।1।ਰਹਾਉ।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥2॥
ਹੇ ਮਨ, ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ। ਪਾਣੀ ਜਿਤਨਾ ਹੀ ਵੱਧ ਹੁੰਦਾ ਹੈ, ਮੱਛੀ ਨੂੰ ਉਤਨਾ ਹੀ ਵੱਧ ਸੁਖ ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ। ਪਾਣੀ ਤੋਂ ਬਿਨਾ ਮੱਛੀ ਇਕ ਘੜੀ ਵੀ ਜੀਉ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ ਆਪ ਹੀ ਜਾਣਦਾ ਹੈ।2।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥3॥
ਹੇ ਮਨ ਪ੍ਰਭੂ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਪੀਹੇ ਦਾ ਮੀਂਹ ਨਾਲ ਹੈ। ਪਾਣੀ ਨਾਲ ਸਰੋਵਰ ਭਰੇ ਹੁੰਦੇ ਹਨ , ਧਰਤੀ, ਪਾਣੀ ਦੀ ਬਰਕਤ ਨਾਲ ਹਰਿਆਵਲੀ ਹੋਈ ਹੁੰਦੀ ਹੈ, ਪਰ ਜੇ ਸਵਾਂਤੀ ਨਛੱਤਰ ਵਿਚ ਪਏ ਮੀਂਹ ਦੀ ਇਕ ਬੂੰਦ ਪਪੀਹੇ ਦੇ ਮੂੰਹ ਵਿਚ ਨਾਹ ਪਵੇ ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਵਾਹ ਨਹੀਂ। ਪਰ ਹੇ ਮਨ, ਤੇਰੇ ਵੀ ਕੀ ਵੱਸ ? ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਨਹੀਂ ਤਾਂ ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ।3।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥4॥
ਹੇ ਮਨ, ਹਰੀ ਨਾਲ ਇਹੋ ਜਿਹਾ ਪਿਆਰ ਪਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ। ਜਦੋਂ ਉਸ ਪਾਣੀ ਰਲੇ ਦੁੱਧ ਨੂੰ ਅੱਗ ਉੱਤੇ ਰਖੀਦਾ ਹੈ ਤਾਂ ਉਬਾਲਾ ਪਾਣੀ ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ। ਇਸੇ ਤਰ੍ਹਾਂ ਜੇ ਜੀਵ ਆਪਣੇ-ਆਪ ਨੂੰ ਕੁਰਬਾਨ ਕਰਨ ਤਾਂ ਪ੍ਰਭੂ ਵਿਛੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ, ਲੋਕ-ਪਰਲੋਕ ਵਿਚ ਇੱਜ਼ਤ-ਮਾਣ ਦੇਂਦਾ ਹੈ।4।
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥5॥
ਹੇ ਮਨ, ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ ਪਿਆਰ ਸੂਰਜ ਨਾਲ ਹੈ। ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ ਇਕ ਖਿਨ ਭਰ, ਇਕ ਪਲ ਭਰ ਨੀਂਦ ਦੇ ਵੱਸ ਆ ਕੇ ਨਹੀਂ ਸੌਂਦੀ, ਦੂਰ ਲੁਕੇ ਸੂਰਜ ਨੂੰ ਆਪਣੇ ਅੰਗ ਸੰਗ ਸਮਝਦੀ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ, ਆਪਣੇ ਅੰਗ ਸੰਗ ਦਿਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਸਮਝ ਨਹੀਂ ਪੈਂਦੀ ।5।
ਚੰਦੀ ਅਮਰ ਜੀਤ ਸਿੰਘ (ਚਲਦਾ)