ਗੁਰਬਾਣੀ ਦੀ ਸਰਲ ਵਿਆਖਿਆ ਭਾਗ(190)
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥6॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ, ਪਰ ਜੀਵ ਦੇ ਵੀ ਕੀ ਵੱਸ ? ਉਹੀ ਕੁਝ ਹੁੰਦਾ ਹੈ, ਜੋ ਕਰਤਾਰ ਆਪ ਕਰਦਾ ਕਰਾਉਂਦਾ ਹੈ। ਕਰਤਾਰ ਦੀ ਮਿਹਰ ਤੋਂ ਬਿਨਾ, ਜੇ ਕੋਈ ਜੀਵ ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਵੀ ਕਰੇ ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਨਣ ਦਾ ਜਤਨ ਵੀ ਕਰੇ, ਤਾਂ ਵੀ ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ। ਪਰਮਾਤਮਾ ਦੇ ਗੁਣਾਂ ਦੀ ਕਦਰ ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿਖਿਆ ਪ੍ਰਾਪਤ ਹੋਵੇ। ਗੁਰੂ ਦੀ ਮੱਤ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ।6।
ਸਚਾ ਨੇਹੁ ਨ ਤੁਟਈ ਜੇ ਸਤਿਗੁਰ ਭੇਟੈ ਸੋਇ ॥
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥7॥
ਜੇ ਪ੍ਰਭੂ ਚਰਨਾਂ ਵਿਚ ਜੋੜਨ ਵਾਲਾ ਗੁਰੂ ਮਿਲ ਜਾਵੇ, ਤਾਂ ਉਸ ਦੀ ਮਿਹਰ ਦਾ ਸਦਕਾ ਪ੍ਰਭੂ ਨਾਲ ਅਜਿਹਾ ਪੱਕਾ ਪਿਆਰ ਪੈਂਦਾ ਹੈ, ਜੋ ਕਦੇ ਟੁੱਟਦਾ ਨਹੀਂ। ਗੁਰੂ ਦੀ ਕਿਰਪਾ ਸਦਕਾ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਵੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ। ਜੇ ਮਨੁੱਖ ਗੁਰੂ ਦੀ ਮਿਹਰ ਦਾ ਸਦਕਾ, ਪ੍ਰਭੂ ਦੇ ਗੁਣਾਂ ਦੇ ਸੌਦੇ ਦਾ ਖਰੀਦਣ ਵਾਲਾ ਬਣ ਜਾਵੇ ਤਾ ਇਸ ਨੂੰ ਪ੍ਰਭੂ ਦਾ ਪਵਿੱਤਰ ਨਾਮ ਫਿਰ ਕਦੇ ਨਹੀਂ ਭੁੱਲਦਾ।7।
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥8॥
ਹੇ ਮਨ ਵੇਖ, ਜਿਹੜੇ ਜੀਵ ਪੰਛੀ ਇਸ ਸੰਸਾਰ ਸਰੋਵਰ ਉੱਤੇ ਚੋਗ ਚੁਗਦੇ ਸਨ, ਉਹ ਆਪੋ-ਆਪਣੀ ਜੀਵਨ ਖੇਡ, ਖੇਡ ਕੇ ਚਲੇ ਜਾਂਦੇ ਹਨ। ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ, ਖੇਡ ਕੇ ਏਥੋਂ ਤੁਰਦੇ ਬਣਨਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ, ਛੇਤੀ ਹੀ ਮੁੱਕ ਜਾਂਦੀ ਹੈ। ਹੇ ਮਨ, ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਏਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ।8।
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥9॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਪ੍ਰਭੂ ਚਰਨਾਂ ਵਿਚ ਪ੍ਰੀਤ ਪੈਦਾ ਨਹੀਂ ਹੁੰਦੀ, ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ। ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ। ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ-ਆਪ ਨੂੰ, ਆਪਣੇ ਅਸਲ੍ਹੇ ਨੂੰ ਪਛਾਣਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ।9।
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥10॥11॥
ਜਿਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਨ੍ਹਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ, ਜਿਸ ਨੂੰ ਦੂਰ ਕਰਕੇ ਉਨ੍ਹਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਵੇ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ ਚਰਨਾਂ ਤੋਂ ਵਿੱਛੜ ਕੇ ਮਾਇਆ ਦੇ ਮੋਹ ਦੀਆਂ ਚੋਟਾਂ ਖਾਂਦਾ ਹੈ।
ਹੇ ਨਾਨਕ, ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿਚ ਮਿਲ ਗਿਆ ਹੈ, ਉਸ ਨੂੰ ਪ੍ਰਭੂ ਹੀ ਇਕ ਆਸਰਾ-ਪਰਨਾ ਦਿਸਦਾ ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ ਦਿਸਦਾ, ਹੋਰ ਕੋਈ ਥਾਂ ਨਹੀਂ ਦਿਸਦੀ।10।11।
ਚੰਦੀ ਅਮਰ ਜੀਤ ਸਿੰਘ (ਚਲਦਾ)