ਗੁਰਬਾਣੀ ਦੀ ਸਰਲ ਵਿਆਖਿਆ ਭਾਗ(192)
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥5॥
ਹੇ ਬਾਬਾ ਗੁਰੂ ਦੀ ਸਰਨ ਪੈ ਕੇ ਆਪਣੇ ਮੂਲ, ਪ੍ਰਭੂ ਦੇ ਗੁਣਾਂ ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਚਰਨਾਂ ਨਾਲ ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ। ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ ਸ਼ਿੰਗਾਰ ਕੀਤਾ ਹੈ, ਉਸ ਨੇ ਗੁਰੂ ਦੇ ਬਖਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ-ਪਤੀ ਨੂੰ ਲੱਭ ਲਿਆ ਹੈ ।5।
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥6॥
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ, ਚਾਕਰੀ ਕੀਤਿਆਂ ਮਨ ਪਵਿੱਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ। ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ-ਉਪਦੇਸ਼ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ, ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ, ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ ।6।
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥7॥
ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉੱਦਮ ਨਾਲ ਨਹੀਂ ਲਿਆ ਜਾ ਸਕਦਾ, ਇਸ ਵਾਸਤੇ ਹੇ ਭਾਈ, ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ। ਗੁਰ-ਸਰਨ ਦੀ ਬਰਕਤ ਨਾਲ ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ।7।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥8॥12॥
ਹੇ ਬਾਬਾ, ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ ਹਰੇਕ ਜੀਵ ਗਲਤੀ ਖਾ ਜਾਂਦਾ ਹੈ, ਸਿਰਫ ਗੁਰੂ ਹੈ ਤੇ ਕਰਤਾਰ ਹੈ, ਜੋ ਨਾ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ ਨਾ ਗਲਤੀ ਖਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝਾ ਲਿਆ ਹੈ, ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ, ਅਪਾਰ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ।8।12।
ਚੰਦੀ ਅਮਰ ਜੀਤ ਸਿੰਘ (ਚਲਦਾ)