ਗੁਰਬਾਣੀ ਦੀ ਸਰਲ ਵਿਆਖਿਆ ਭਾਗ(193)
ਸਿਰੀਰਾਗੁ ਮਹਲਾ 1 ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥1॥
ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ ਆਦਿ ਦੇ ਮੋਹ ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ, ਜੀਵਾਂ ਨੂੰ ਵਿਆਪ ਰਹੀ ਹੈ। ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ ਸਾਰੇ ਜਗਤ ਨੂੰ ਲੁੱਟ ਲਿਆ ਹੈ। ਮਾਇਆ ਮੋਹ ਦੀ ਠੱਗ-ਬੂਟੀ, ਜੋ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ, ਨੇ ਮੈਨੂੰ ਵੀ ਠੱਗ ਲਿਆ ਹੈ।1।
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥1॥ ਰਹਾਉ ॥
ਹੇ ਮੇਰੇ ਪਿਆਰੇ-ਪ੍ਰੀਤਮ ਪਰਮਾਤਮਾ, ਇਸ ਠੱਗ-ਬੂਟੀ ਤੋਂ ਬਚਾਣ ਲਈ ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਸਮਰੱਥ ਨਹੀਂ ਦਿਸਦਾ। ਮੈਨੂੰ ਤੈਥੋਂ ਪਿਆਰਾ ਹੋਰ ਕੋਈ ਨਹੀਂ ਲਗਦਾ। ਜਦੋਂ ਤੂੰ ਮੈਨੂੰ ਪਿਆਰਾ ਲਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ।1।ਰਹਾਉ।
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥2॥
ਹੇ ਮਨ, ਗੁਰੂ ਦੇ ਸ਼ਬਦ ਦੀ ਰਾਹੀਂ, ਸੰਤੋਖ ਧਾਰ ਕੇ, ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ, ਪ੍ਰੇਮ ਨਾਲ ਪਰਮਾਤਮਾ ਦੇ ਨਾਮ ਦੀ ਸਿਫਤ-ਸਾਲਾਹ ਕਰ। ਇਸ ਨਾਸਵੰਤ ਮੋਹ ਨੂੰ ਨਾ ਵੇਖ, ਇਹ ਤਾਂ ਜੋ ਵੀ ਕੁਝ ਦਿਸ ਰਿਹਾ ਹੈ ਸਭ ਨਾਸ ਹੋ ਜਾਵੇਗਾ। ਜੀਵ ਏਥੇ ਰਸਤੇ ਦਾ ਰਾਹੀ ਬਣ ਕੇ ਆਇਆ ਹੈ, ਇਹ ਸਾਰਾ ਸਾਥ ਨਿੱਤ ਜਾਣ ਵਾਲਾ ਸਮਝ ।2।
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥3॥
ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ ਗੁਰੂ ਤੋਂ ਬਿਨਾ ਸਹੀ ਸਮਝ ਨਹੀਂ ਪੈਂਦੀ। ਗੁਰੂ ਦੀ ਸਰਨ ਪੈ ਕੇ ਜੇ ਪ੍ਰਭੂ ਦਾ ਨਾਮ ਮਿਲ ਜਾਵੇ, ਜੇ ਪ੍ਰਭੂ ਦੀ ਸਿਫਤ-ਸਾਲਾਹ ਕਰਨੀ ਆ ਜਾਵੇ, ਜੇ ਮਨੁੱਖ ਦਾ ਮਨ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਵੇ ਤਾਂ ਉਸ ਨੂੰ ਲੋਕ-ਪਰਲੋਕ ਵਿਚ ਇੱਜ਼ਤ ਮਿਲਦੀ ਹੈ।
ਪਰ ਹੇ ਪ੍ਰਭੂ ਆਪਣੇ ਉੱਦਮ ਨਾਲ ਕੋਈ ਜੀਵ ਨਾ ਖਰਾ ਬਣ ਸਕਦਾ ਹੈ ਨਾ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲਗਦ ਹਨ ਉਹੀ ਭਲੇ ਹਨ ।3।
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥4॥
ਗੁਰੂ ਦੀ ਸਰਨ ਪੈ ਕੇ ਹੀ ਤ੍ਰਿਸ਼ਨਾ ਦੇ ਪੰਜੇ ਵਿਚੋਂ ਖਲਾਸੀ ਹਾਸਲ ਕਰੀਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਖੋਟੀ ਪੂੰਜੀ ਹੀ ਜੋੜਦਾ ਹੈ। ਪਰਮਾਤਮਾ ਦੀ ਰਚੀ ਹੋਈ ਇਹ ਅੱਠਾਂ ਧਾਤਾਂ ਵਾਲੀ ਕਾਇਆਂ ਜੇ ਗੁਰੂ ਦੀ ਟਕਸਾਲ ਵਿਚ ਘੜੀ ਜਾਵੇ,ਸੁਚੱਜੀ ਬਣਾਈ ਜਾਵੇ ਤਾਂ ਹੀ ਇਹ ਖਿੜਦੀ ਹੈ, ਆਤਮਕ ਹੁਲਾਰੇ ਵਿਚ ਆਉਂਦੀ ਹੈ। ਪਰਖਣ ਵਾਲਾ ਪ੍ਰਭੂ ਆਪ ਹੀ ਇਸ ਦੀ ਘਾਲ ਕਮਾਈ ਨੂੰ ਪਰਖ ਲੈਂਦਾ ਹੈ ਤੇ ਇਸ ਦਾ ਆਤਮਕ ਗੁਣਾਂ ਦਾ ਸਰਮਾਇਆ ਪ੍ਰਭੂ ਦੇ ਖਜ਼ਾਨੇ ਵਿਚ ਕਬੂਲ ਪੈਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)