ਗੁਰਬਾਣੀ ਦੀ ਸਰਲ ਵਿਆਖਿਆ ਭਾਗ(194)
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥5॥
ਹੇ ਪ੍ਰਭੂ ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿਸਿਆ, ਜਿਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ। ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ, ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ, ਸੱਚ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ। ਗੁਰੂ ਦੀ ਮੱਤ ਲੈ ਕੇ ਹੀ ਤੇਰੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ।5।
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥6॥
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵੱਧਦਾ ਹੈ। ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸਵਾਦ ਮਨ ਵਿਚ ਉਪਜਦਾ ਹੈ। ਆਤਮਕ ਗੁਣਾਂ ਤੋਂ ਖਾਲੀ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸਵਾਦ ਵੀ ਬੇ-ਰਸਾ ਹੋ ਜਾਂਦਾ ਹੈ।6।
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥7॥
ਜੀਵ ਆਸਾ-ਤ੍ਰਿਸ਼ਨਾ ਦਾ ਬੱਧਾ ਹੋਇਆ ਜਨਮ ਲੈਂਦਾ ਹੈ, ਜਦ ਤੱਕ ਜਗਤ ਵਿਚ ਜਿਊਂਦਾ ਹੈ, ਆਸਾ ਦੇ ਪ੍ਰਭਾਵ ਹੇਠ ਹੀ ਮਿੱਠੇ ਕੁਸੈਲੇ ਆਦਿ ਰਸਾਂ ਵਾਲੇ ਪਦਾਰਥ ਖਾਂਦਾ ਰਹਿੰਦਾ ਹੈ। ਉਮਰ ਪੁੱਗ ਜਾਣ ਤੇ ਆਸਾ-ਤ੍ਰਿਸ਼ਨਾ ਦੇ ਬੰਧਨ ਵਿਚ ਬੱਧਾ ਹੋਇਆ ਏਥੋਂ ਤੋਰਿਆ ਜਾਂਦਾ ਹੈ, ਸਾਰੀ ਉਮਰ ਆਸਾ-ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰ ਕੇ, ਮੁੜ ਮੁੜ ਮੂੰਹ ਤੇ ਸੱਟਾਂ ਖਾਂਦਾ ਹੈ। ਵਿਕਾਰੀ ਜੀਵਨ ਦੇ ਕਾਰਨ ਆਸਾ-ਤ੍ਰਿਸ਼ਨਾ ਦਾ ਬੱਧਾ ਮਰ ਜਾਂਦਾ ਹੈ। ਜੇ ਗੁਰੂ ਦੀ ਸਿਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ ਆਸਾ-ਤ੍ਰਿਸ਼ਨਾ ਦੇ ਜਾਲ ਵਿਚੋਂ ਖਲਾਸੀ ਪਾ ਸਕਦਾ ਹੈ।7।
ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥8॥
ਜੀਵਾਂ ਦੇ ਕੀ ਵੱਸ ? ਹੇ ਪ੍ਰਭੂ ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਨੂੰ ਆਸਾ-ਤ੍ਰਿਸ਼ਂਨਾ ਦੇ ਜਾਲ ਤੋਂ ਬਚਾ। ਹੇ ਪ੍ਰਭੂ, ਤੇਰਾ ਸਦਾ-ਥਿਰ ਨਾਮ ਹੀ ਜੀਵ ਦਾ ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮੱਤ ਲਿਆਂ ਹੀ ਜੀਵ ਦੇ ਮਨ ਵਿਚ ਵੱਸ ਸਕਦਾ ਹੈ। ਹੇ ਭਾਈ, ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ।8।
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥9॥13॥
ਹੇ ਪ੍ਰਭੂ ਆਕਾਸ਼ਾਂ ਵਿਚ ਪਾਤਾਲ ਵਿਚ, ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਬਖਸ਼ਦਾ ਹੈਂ, ਆਪਣਾ ਪ੍ਰੇਮ ਬਖਸ਼ਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ। ਹੇ ਨਾਨਕ, ਪ੍ਰਭੂ ਦਰ ਤੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ, ਪਰ ਮਿਹਰ ਕਰ, ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ।9।13।
ਚੰਦੀ ਅਮਰ ਜੀਤ ਸਿੰਘ (ਚਲਦਾ)