ਗੁਰਬਾਣੀ ਦੀ ਸਰਲ ਵਿਆਖਿਆ ਭਾਗ(195)
ਸਿਰੀਰਾਗੁ ਮਹਲਾ 1 ॥
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥1॥
ਜਿਸ ਮਨੁੱਖ ਦਾ ਮਨ, ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਵੇ, ਉਸ ਦੇ ਸੰਬੰਧ ਵਿਚ ਮੈਂ ਹੋਰ ਕੀ ਵਿਚਾਰ ਕਰਾਂ ? ਮੈਂ ਹੋਰ ਕੀ ਦੱਸਾਂ ? ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ ਆਤਮਕ ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਦੇ ਵਿਚਾਰ ਵਿਚ ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ। ਹੇ ਪ੍ਰਭੂ, ਜਿਵੇਂ ਵੀ ਤੇਰੀ ਰਜ਼ਾ ਹੋਵੇ, ਮੈਨੂੰ ਵੀ ਤੂੰ ਆਪਣੇ ਚਰਨਾਂ ਵਿਚ ਰੱਖ, ਤੇਰਾ ਨਾਮ ਮੇਰੇ ਜੀਵਨ ਦਾ ਆਸਰਾ ਬਣ ਜਾਵੇ।1।
ਮਨ ਰੇ ਸਾਚੀ ਖਸਮ ਰਜਾਇ ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥1॥ ਰਹਾਉ ॥
ਹੇ ਮੇਰੇ ਮਨ, ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ। ਹੇ ਮਨ, ਤੂੰ ਉਸ ਪ੍ਰਭੂ ਦੇ ਚਰਨਾਂ ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਨ੍ਹਾਂ ਨੂੰ ਸੋਹਣਾ ਬਣਾਇਆ ਹੈ ।1।ਰਹਾਉ।
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥2॥
ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਵੇ, ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਮੱਗਰੀ ਬਣਾ ਦਿਆਂ, ਤੇ ਹਰ ਰੋਜ਼ ਇਨ੍ਹਾਂ ਨੂੰ ਅੱਗ ਵਿਚ ਸਾੜਾਂ, ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਵੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤੱਕ ਨਹੀਂ ਪਹੁੰਚ ਸਕਦਾ।2।
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥3॥
ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਵੇ, ਜੇ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ ਵਿਚ ਗਾਲ ਦਿੱਤਾ ਜਾਵੇ, ਤਾਂ ਵੀ ਮਨ ਵਿਚੋਂ ਹਉਮੈ ਦਾ ਰੋਗ ਦੂਰ ਨਹੀਂ ਹੂੰਦਾ। ਕਰਮ-ਕਾਂਡ ਦੀ ਸਾਰੀ ਹੀ ਮਰਯਾਦਾ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਅੱਪੜਦਾ ।3।
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥4॥
ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਵਧੀਆ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਊਆਂ ਦਾਨ ਕਰਾਂ, ਫਿਰ ਵੀ ਸਗੋਂ ਮਨ ਵਿਚ ਇਸ ਦਾਨ ਦਾ ਹੀ ਹੰਕਾਰ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਦੀ ਬਖਸ਼ਿਸ਼ ਕੀਤੀ ਹੈ, ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ ਇਹੀ ਹੈ ਸਹੀ ਕਰਣੀ।4।
ਚੰਦੀ ਅਮਰ ਜੀਤ ਸਿੰਘ (ਚਲਦਾ)