ਗੁਰਬਾਣੀ ਦੀ ਸਰਲ ਵਿਆਖਿਆ ਭਾਗ(196)
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥5॥
ਅਨੇਕਾਂ ਹੀ ਲੋਕਾਂ ਦੀ ਅਕਲ, ਤਪ ਆਦਿ ਕਰਮਾਂ ਵੱਲ ਪ੍ਰੇਰਦੀ ਹੈ, ਜੋ ਮਨ ਦੇ ਹੱਠ ਨਾਲ ਕੀਤੇ ਜਾਂਦੇ ਹਨ, ਅਨੇਕਾਂ ਹੀ ਲੋਕ ਵੇਦ ਆਦਿ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕੇ ਕਰਦੇ ਹਨ, ਤੇ ਇਸ ਵਾਦ ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ, ਇਹੋ ਜਿਹੇ ਹੋਰ ਵੀ ਅਨੇਕਾਂ ਹੀ ਕਰਮ ਹਨ, ਜੋ ਜਿੰਦ ਵਾਸਤੇ ਫਾਹੀ ਰੂਪ ਹੀ ਬਣ ਜਾਂਦੇ ਹਨ, ਪਰ ਹਉਮੈ ਆਦਿ ਬੰਧਨਾਂ ਤੋਂ ਖਲਾਸੀ ਦਾ ਦਰਵਾਜਾ ਗੁਰੂ ਦੇ ਸਨਮੁੱਖ ਹੋਇਆਂ ਹੀ ਲੱਭਦਾ ਹੈ, ਕਿਉਂਕਿ ਗੁਰੂ, ਪਰਮਾਤਮਾ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ।5।
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥6॥
ਹਰੇਕ ਕਰਮ, ਸਦਾ-ਥਿਰ ਪ੍ਰਭੂ ਦਾ ਨਾ, ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ। ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ, ਉੱਚ ਜਾਤੀਏ ਬੰਦਿਆਂ ਨੂੰ ਹੀ ਨਿੰਦਣਾ ਠੀਕ ਨਹੀਂ ਹੈ, ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, ਜਗਤ ਵਿਚ ਕੋਈ ਨੀਚ ਨਹੀਂ ਦਿਸਦਾ, ਕਿਉਂਕਿ, ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ ਦੇ ਜੀਵਾਂ ਵਿਚ ਉਸੇ ਕਰਤਾਰ ਦੀ ਜੋਤ ਦਾ ਹੀ ਚਾਨਣ ਹੈ। ਪ੍ਰਭੂ ਦੇ ਸਿਮਰਨ ਦੀ ਖੈਰ, ਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ, ਤੇ ਧੁਰੋਂ ਪਰਮਾਤਮਾ ਦੇ ਹੁਕਮ ਅਨੁਸਾਰ, ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ ਦਾਤ ਦੇ ਰਾਹ ਵਿਚ ਰੋਕ ਨਹੀਂ ਪਾ ਸਕਦੀ ।6।
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥7॥
ਜੇਹੜਾ ਗੁਰਮੁਖ ਮਨੁੱਖ, ਗੁਰਮੁਖਾਂ ਦੀ ਸੰਗਤ ਵਿਚ ਮਿਲ ਬੈਠਦਾ ਹੈ, ਗੁਰੂ ਆਸ਼ੇ ਦੇ ਅਨੁਸਾਰ ਤੁਰਿਆਂ, ਉਸ ਦੇ ਮਨ ਵਿਚ ਸੰਤੋਖ ਆ ਵੱਸਦਾ ਹੈ, ਕਿਉਂਕਿ ਜੇ ਮਨੁੱਖ, ਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਸਿਫਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਵਿਚ ਆ ਜਾਂਦਾ ਹੈ, ਅਤੇ ਜਗਤ ਵਿਚੋਂ ਆਦਰ-ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ।7।
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥8॥14॥
ਗੁਰੂ ਦੇ ਸ਼ਬਦ ਦੀ ਰਾਹੀਂ, ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ ਰੱਬੀ ਜੀਵਨ ਰੌਂ ਦੀ ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ। ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਇਉਂ ਸਮਝਾ ਲੈਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ ਹਉਮੈ ਆਦਿ ਰੋਗਾਂ ਤੋਂ ਬਚਿਆ ਰਹਿੰਦਾ ਹੈ।8।14।
ਚੰਦੀ ਅਮਰ ਜੀਤ ਸਿੰਘ (ਚਲਦਾ)