ਗੁਰਬਾਣੀ ਦੀ ਸਰਲ ਵਿਆਖਿਆ ਭਾਗ(197)
ਸਿਰੀਰਾਗੁ ਮਹਲਾ 1 ॥
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥1॥
ਹੇ ਮਨ, ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ, ਚਿਤਰੇ ਹੋਏ ਮਹਲ-ਮਾੜੀਆਂ ਸੁਹਣੇ ਦਿਸਦੇ ਹਨ, ਉਨ੍ਹਾਂ ਦੇ ਬੜੇ ਚੰਗੇ ਚਿੱਟੇ ਦਰਵਾਜ਼ੇ ਹੁੰਦੇ ਹਨ। ਪਰ ਜੇ ਉਹ ਅੰਦਰੌਂ ਖਾਲੀ ਰਹਿਣ ਤਾਂ ਢਹਿ-ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ, ਪਿਆਰ ਨਾਲ ਇਹ ਸਰੀਰ ਪਾਲੀਦਾ ਹੈ, ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰਭੂ ਪ੍ਰੇਮ ਤੋਂ ਖਾਲੀ ਹੈ ਤਾਂ ਇਹ ਸਰੀਰ ਵੀ ਢਹਿ ਕੇ ਢੇਰੀ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ, ਵਿਅਰਥ ਜਾਂਦਾ ਹੈ।1।
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥
ਰਾਮ ਨਾਮੁ ਧਨੁ ਨਿਰਮਲੋ ਗੁਰ ਦਾਤਿ ਕਰੇ ਪ੍ਰਭੁ ਸੋਇ ॥1॥ ਰਹਾਉ ॥
ਹੇ ਭਾਈ, ਇਹ ਸਰੀਰ, ਇਹ ਧਨ, ਜਗਤ ਤੋਂ ਚੱਲਣ ਵੇਲੇ ਨਾਲ ਨਹੀਂ ਨਿਭਦਾ। ਪਰਮਾਤਮਾ ਦਾ ਨਾਮ ਐਸਾ ਪਵਿੱਤ੍ਰ ਧਨ ਹੈ, ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ, ਜਿਸ ਨੂੰ ਗੁਰੂ ਦੇਂਦਾ ਹੈ, ਜਿਸ ਨੂੰ ਉਹ ਪਰਮਾਤਮਾ ਦਾਤ ਵਜੋੰ ਦੇਂਦਾ ਹੈ।1।ਰਹਾਉ।
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰ ਕਰਤਾਰੁ ॥
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥2॥
ਪਰਮਾਤਮਾ ਦਾ ਨਾਮ ਪਵਿੱਤ੍ਰ ਧਨ ਹੈ, ਤਦੋਂ ਹੀ ਮਿਲਦਾ ਹੈ, ਜੇ ਦੇਣ ਦੇ ਸਮਰੱਥ ਪ੍ਰਭੂ ਆਪ ਦੇਵੇ। ਨਾਮ ਧਨ ਹਾਸਲ ਕਰਨ ਵਿਚ, ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ।2।
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥3॥
ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ ਧੀਆਂ ਪੁੱਤਰਾਂ ਦਾ ਮੇਲ ਆ ਬਣਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਨ੍ਹਾਂ ਨੂੰ ਆਪਣੇ ਸਮਝ ਲੈਂਦਾ ਹੈ। ਮਨਮੁਖ ਬੰਦੇ ਆਪੋ-ਆਪਣੀ ਇਸਤ੍ਰੀ ਨੂੰ ਵੇਖ ਕੇ ਖੁਸ਼ ਹੁੰਦੇ ਹਨ, ਵੇਖ ਕੇ ਖੁਸ਼ੀ ਵੀ ਹੁੰਦੀ ਹੇ,ਸਹਿਮ ਵੀ ਹੁੰਦਾ ਹੈ ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾ ਜਾਣ। ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ, ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪ੍ਰਭੂ ਦਾ ਨਾਮ-ਰਸ ਦਿਨ-ਰਾਤ ਉਨ੍ਹਾਂ ਦੀ ਆਤਮਕ ਖੁਰਾਕ ਹੁੰਦਾ ਹੈ।3।
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥4॥
ਮਨੁੱਖ, ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ, ਮੁੜ ਮੁੜ ਡੋਲਦਾ ਹੈ। ਸੁਖ ਨੂੰ ਬਾਹਰੋਂ ਢੂੰਡਿਆਂ ਖੁਆਰ ਹੀ ਹੋਈਦਾ ਹੈ। ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਹਉਂ-ਹਉਂ ਮੈਂ-ਮੈਂ ਕਰ ਕੇ ਹੀ ਲੁੱਟੀ ਜਾਂਦੀ ਹੈ, ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ, ਗੁਰੂ ਦੇ ਰਸਤੇ ਤੁਰਨ ਵਾਲੀ, ਇਹ ਧਨ ਹਾਸਲ ਕਰ ਲੈਂਦੀ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)