ਗੁਰਬਾਣੀ ਦੀ ਸਰਲ ਵਿਆਖਿਆ ਭਾਗ(198)
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥5॥
ਹੇ ਗੁਣ-ਹੀਨ ਸਾਕਤ ਮਨੁੱਖ, ਤੂੰ ਆਪਣੇ ਸਰੀਰ ਦਾ ਮਾਣ ਕਰਦਾ ਹੈਂ, ਆਪਣਾ ਅਸਲਾ ਤਾਂ ਪਛਾਣ। ਇਹ ਸਰੀਰ ਮਾਂ ਦੇ ਲਹੂ ਅਤੇ ਪਿਉ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ ਆਖਰ ਇਸ ਨੇ ਅੱਗ ਵਿਚ ਪੈ ਜਾਣਾ ਹੈ। ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਲਿਖਿਆ ਹੈ ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ, ਹਰੇਕ ਦੇ ਗਿਣੇ ਮਿਥੇ ਸੁਆਸ ਹਨ।5।
ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥6॥
ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਵੀ ਛੇਤੀ ਮਰਨਾ ਨਹੀਂ ਚਾਹੁੰਦਾ। ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਆ ਵੱਸਦਾ ਹੈ। ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ ਕਦੀ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਪ੍ਰਭੂ ਨਾਮ ਤੋਂ ਸੱਖਣੇ ਉਸ ਮਨੁੱਖ ਨੂੰ ਮੈਂ ਜੀਊਂਦਾ ਕਿਵੇਂ ਸਮਝਾਂ ? ।6।
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥
ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥7॥
ਜਿਵੇਂ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਕਈ ਚੀਜ਼ਾਂ ਵੇਖ ਕੇ ਭੁਲੇਖਾ ਖਾ ਜਾਈਦਾ ਹੈ ਕਿ ਜੋ ਕੁਝ ਵੇਖ ਰਹੇ ਹਾਂ, ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤੱਕ ਟਿਕਿਆ ਰਹਿੰਦਾ ਹੈ ਜਦ ਤਕ ਨੀਂਦ ਟਿਕੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ ਜਦ ਤੱਕ ਹੈ, ਤਦ ਤੱਕ ਇਸ ਦੇ ਅੰਦਰ ਹਉਮੈ ਤੇ ਮੇਰ ਤੇਰ ਬਣੀ ਰਹਿੰਦੀ ਹੈ ਤੇ ਇਸ ਹਉਮੈ ਅਤੇ ਮੇਰ-ਤੇਰ ਨੂੰ ਇਹ ਸਹੀ ਜੀਵਨ ਸਮਝਦਾ ਹੈ। ਜਦੋਂ ਗੁਰੂ ਦੀ ਮੱਤ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਦਾ ਮੋਹ, ਇਹ ਦੁਨੀਆ ਵਿਚਲੀ ਮੇਰ-ਤੇਰ ਨਿਰਾ ਸੁਪਨਾ ਹੀ ਹੈ।7।
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥8॥15॥
ਜਿਵੇਂ ਬਾਲਕ ਦੀ ਅੱਗ, ਪੇਟ ਦੀ ਅੱਗ ਭੁੱਖ, ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ। ਪਾਣੀ ਤੋਂ ਬਿਨਾ ਕੌਲ ਫੁਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ , ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਪ੍ਰਭੂ ਨਾਮ ਤੋਂ ਬਗੈਰ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਨਾਮ ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ, ਪ੍ਰਭੂ ਦਰ ਤੇ ਅਰਦਾਸ ਕਰ, ਤੇਆਖ ਹੇ-ਪ੍ਰਭੂ ਮਿਹਰ ਕਰ, ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਜੀਵਾਂ ।8।15।
ਚੰਦੀ ਅਮਰ ਜੀਤ ਸਿੰਘ (ਚਲਦਾ)