ਗੁਰਬਾਣੀ ਦੀ ਸਰਲ ਵਿਆਖਿਆ ਭਾਗ(199)
ਸਿਰੀਰਾਗੁ ਮਹਲਾ 1 ॥
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥1॥
ਇਕ ਪਾਸੇ ਸੰਸਾਰ ਸਮੁੰਦਰ ਹੈ, ਦੂਜੇ ਪਾਸੇ ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ ਮਾਨੋ ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ ਡਰਾਉਣੇ ਪਹਾੜ ਨੂੰ ਵੇਖ ਕੇ, ਪੇਕੇ ਘਰ ਵਿਚ ਮਾਂ-ਪਿਉ ਭੈਣ-ਭਰਾ ਦੇ ਮੋਹ ਵਿਚ ਫਸੀ ਜੀਵ-ਇਸਤ੍ਰੀ ਡਰ ਗਈ ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ। ਆਤਮਕ ਜੀਵਨ ਦੀ ਸਿਖਰ ਤੇ ਅਪੜਨਾ ਮਾਨੋ ਬੜਾ ਉੱਚਾ ਤੇ ਔਖਾ ਪਹਾੜ ਹੈ, ਉਸ ਪਹਾੜ ਤੇ ਚੜ੍ਹਨ ਲਈ, ਉਸ ਜੀਵ ਇਸਤ੍ਰੀ ਦੇ ਕੋਲ ਕੋਈ ਪੌੜੀ ਵੀ ਨਹੀਂ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ ਇਸਤ੍ਰੀ ਨੂੰ ਗੁਰੂ ਨੇ ਪ੍ਰਭੂ-ਚਰਨਾਂ ਵਿਚ ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ।1।
ਭਾਈ ਰੇ ਭਵਜਲੁ ਬਿਖਮੁ ਡਰਾਂਉ ॥
ਪੂਰਾ ਸਤਿਗੁਰ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥1॥ ਰਹਾਉ ॥
ਹੇ ਭਾਈ ਇਹ ਸੰਸਾਰ-ਸਮੁੰਦਰ ਬੜਾ ਡਰਾਉਣਾ ਹੈ, ਤੇ ਤਰਨਾ ਔਖਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ, ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ, ਇਸ ਸਮੁੰਦਰ ਵਿਚੋਂ ਪਾਰ ਲੰਘਾ ਲੈਂਦਾ ਹੈ ।1।ਰਹਾਉ।
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥2॥
ਜੇ ਮੈਂ ਸਦਾ ਇਹ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ, ਜਗਤ ਵਿਚ ਜੋ ਵੀ ਆਇਆ ਹੈ, ਉਹ ਆਖਰ ਚਲਾ ਜਾਇਗਾ, ਮੌਤ ਰਹਿਤ ਇਕ ਪਰਮਾਤਮਾ ਹੀ ਹੈ, ਤਾਂ ਫਿਰ ਸਤਸੰਗ ਵਿਚ ਪ੍ਰਭੂ ਚਰਨਾਂ ਨਾਲ ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਬਸ ਇਹੀ ਹੈ
ਸੰਸਾਰ ਸਮੁੰਦਰ ਦੀਆਂ ਵਿਕਾਰੀ ਲਹਿਰਾਂ ਤੋਂ ਬਚਣ ਦਾ ਤਰੀਕਾ ।2।
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥3॥
ਸੋਹਣੇ ਦਰਵਾਜਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ, ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ, ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦੇ ਨਾਲ ਨਹੀਂ ਗਏ। ਬੇ-ਸਮਝ ਐਵੇਂ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ, ਇਨ੍ਹਾਂ ਦੀ ਖਾਤਰ ਆਤਮਕ ਜੀਵਨ ਗਵਾ ਗਏ ।3।
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥4॥
ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ-ਧਨ ਜਿੰਦ ਨੂੰ ਮੋਹ ਵਿਚ ਫਸਾਣ ਲਈ ਜਾਲ ਬਣਦਾ ਹੈ, ਫਾਹੀ ਬਣਦਾ ਹੈ। ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਦੇਈਏ, ਤਾਂ ਵੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ, ਸਿਰ ਉੱਤੇ ਮੌਤ ਦਾ ਡਰ ਕਾਇਮ ਰਹਿੰਦਾ ਹੈ। ਜਦੋਂ ਜਿੰਦ, ਜ਼ਿੰਦਗੀ ਦੀ ਖੇਡ, ਖੇਡ ਜਾਂਦੀ ਹੈ ਤੇ ਸਰੀਰ ਮਿੱਟੀ ਹੋ ਕੇ ਢਹਿ ਪੈਂਦਾ ਹੈ , ਤਦੋਂ ਧਨ-ਪਦਾਰਥ ਦੀ ਖਾਤਰ, ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ।4[
ਚੰਦੀ ਅਮਰ ਜੀਤ ਸਿੰਘ (ਚਲਦਾ)