ਗੁਰਬਾਣੀ ਦੀ ਸਰਲ ਵਿਆਖਿਆ ਭਾਗ(201)
ਸਿਰੀਰਾਗੁ ਮਹਲਾ 1 ਘਰੁ 2 ॥
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥1॥
ਦੁਨੀਆ ਨੂੰੋ ਆਪਣੇ ਰਹਿਣ ਲਈ ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਵੀ, ਮਨੁੱਖ ਨੂੰ ਮੌਤ ਵਲੋਂ ਬੇ-ਫਿਕਰ ਨਹੀਂ ਕਰ ਸਕਦਾ, ਕਿਉਂਕਿ ਏਥੋਂ ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ। ਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ, ਜੇ ਇਹ ਜਗਤ ਵੀ ਸਦਾ ਕਾਇਮ ਰਹਿਣ ਵਾਲਾ ਹੋਵੇ, ਇਹ ਤਾਂ ਸਭ-ਕੁਝ ਨਾਸਵੰਤ ਹੈ।1।
ਦੁਨੀਆ ਕੈਸਿ ਮੁਕਾਮੇ ॥
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥1॥ ਰਹਾਉ ॥
ਹੇ ਭਾਈ, ਇਹ ਜਗਤ ਜੀਵਾਂ ਲਈ ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ। ਇਸ ਵਾਸਤੇ ਆਪਣੇ ਹਿਰਦੇ ਵਿਚ ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਲਈ, ਆਪਣੇ ਜੀਵਨ ਸਫਰ ਦਾ ਖਰਚ ਤਿਆਰ ਕਰ ਕੇ ਪੱਲੇ ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ।1।ਰਹਾਉ।
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥2॥
ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫਕੀਰ ਤਕੀਏ ਵਿਚ ਡੇਰਾ ਲਾਂਦਾ ਹੈ, ਪੰਡਿਤ, ਧਰਮ-ਅਸਥਾਨਾਂ ਵਿਚ ਬੈਠ ਕੇ, ਹੋਰਨਾਂ ਨੂੰ ਧਰਮ ਪੋਥੀਆਂ ਸੁਣਾਂਦੇ ਹਨ, ਕਰਾਮਾਤੀ ਜੋਗੀ, ਸ਼ਿਵ ਆਦਿ ਦੇ ਮੰਦਰ ਵਿਚ ਬੈਠਦੇ ਹਨ, ਪਰ ਆਪੋ ਆਪਣੀ ਵਾਰੀ ਸਭਜਗਤ ਤੋਂ ਕੂਚ ਕਰਦੇ ਜਾ ਰਹੇ ਹਨ।2।
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥3॥
ਦੇਵਤੇ, ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਜੀ ਦੇ ਉਪਾਸ਼ਕ, ਗਣ, ਦੇਵਤਿਆਂ ਦੇ ਗਵਈਏ, ਸਮਾਧੀਆਂ ਵਿਚ ਚੁੱਪ ਹੋ ਕੇ ਟਿਕੇ ਰਹਿਣ ਵਾਲੇ ਮੋਨੀ-ਜਨ, ਸ਼ੇਖ ਪੀਰ ਅਤੇ ਸਰਦਾਰ ਅਖਵਾਣ ਵਾਲੇ ਆਪੋ-ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, ਜਿਹੜੇ ਐਸ ਵੇਲੇ ਏਥੇ ਦਿਸਦੇ ਹਨ, ਇਹ ਵੀ ਸਾਰੇ ਏਥੋਂ ਚਲੇ ਜਾਣ ਵਾਲੇ ਹਨ ।3।
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥4॥
ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪੋ-ਆਪਣਾ ਡੇਰਾ ਕੂਚ ਕਰ ਕੇ ਚਲੇ ਗਏ। ਘੜੀ-ਦੋ ਘੜੀ ਵਿਚ ਹਰੇਕ ਨੇ ਏਥੋਂ ਚਲੇ ਜਾਣਾ ਹੈ।
ਹੇ ਮਨ, ਅਕਲ ਕਰ, ਗਾਫਿਲ ਨਾ ਹੋ, ਤੂੰ ਵੀ ਪਰਲੋਕ ਵਿਚ ਪਹੁੰਚ ਜਾਣਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)