ਗੁਰਬਾਣੀ ਦੀ ਸਰਲ ਵਿਆਖਿਆ ਭਾਗ(203)
ਸਿਰੀਰਾਗੁ ਮਹਲਾ 3 ਘਰੁ 1 ਅਸਟਪਦੀਆ
ੴਸਤਿ ਗੁਰ ਪ੍ਰਸਾਦਿ ॥
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥1॥
(ਜੇ ਰੱਬ ਦੀ ਪੂਰੀ ਪਛਾਣ, ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਨੂੰ ਸ਼ਾਰਟ ਕਰਨਾ ਹੋਵੇ ਤਾਂ ਪੂਰਾ ਅੱਖਰ ਬਣਦਾ ਹੈ, ੴਸਤਿ ਨਾਮੁ ਗੁਰ ਪ੍ਰਸਾਦਿ ॥ ਇਸ ਨੂੰ ਗੁਰੂ ਸਾਹਿਬ ਨੇ ਸਿਰੀਰਾਗੁ ਮਹਲਾ 4 ਵਣਜਾਰਾ (81) ਵਿਚ ਸਾਫ ਕੀਤਾ ਹੈ। ਸਤਿ (ਸਦਾ ਕਾਇਮ ਰਹਿਣ ਵਾਲਾ) ਅੱਖਰ ੴ ਅਤੇ ਨਾਮੁ ਦੋਵਾਂ ਦੇ ਨਾਲ ਲਗਦਾ ਹੈ। ਅਰਥ ਬਣਦਾ ਹੈ ਕਿ, ਇਕ (ਪ੍ਰਭੂ) ਅਤੇ ਉਸ ਦਾ ਆਕਾਰ (ਕੁਦਰਤ) ਅਤੇ ਨਾਮੁ (ਉਸ ਦਾ ਹੁਕਮ) ਸਦਾ ਕਾਇਮ ਰਹਿਣ ਵਾਲੇ ਹਨ। ਗੁਰ (ਸ਼ਬਦ ਗੁਰੂ) ਦੀ ਕਿਰਪਾ ਨਾਲ ਇਕ ਪ੍ਰਭੂ+ਉਸ ਦੀ ਕੁਦਰਤ+ਉਸ ਦੇ ਹੁਕਮ, ਉਸ ਦੀ ਰਜ਼ਾ ਬਾਰੇ ਸੋਝੀ ਹੁੰਦੀ ਹੈ। ਸਤਿ ਅੱਖਰ ਗੁਰ ਦੇ ਨਾਲ ਨਹੀਂ ਲਗਦਾ। ਗੁਰ, ਪ੍ਰਸਾਦਿ ਦੇ ਨਾਲ ਲਗਦਾ ਹੈ। (ਧਾਰਮਿਕ ਵਿਦਵਾਨਾਂ ਨੇ ਪਤਾ ਨਹੀਂ ਕਿਸ ਆਧਾਰ ਤੇ ਸਤਿ ਨੂੰ ਗੁਰ ਨਾਲ ਲਗਾ ਦਿੱਤਾ ਹੈ। ਗੁਰ-ਬਾਣੀ ਦਾ ਉਤਾਰਾ ਕਰਨ ਵਾਲਿਆਂ ਨੇ ਅਤੇ ਛਾਪੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਉਕਾਈਆਂ ਕੀਤੀਆਂ ਹੋਈਆਂ ਹਨ, ਵਕਤ ਰਹਿੰਦੇ ਹੀ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ ਇਹ ਉਕਾਈਆਂ ਠੀਕ ਕਰ ਲੈਣੀਆਂ ਚਾਹੀਦੀਆਂ ਹਨ। ਇਸ ਦੀ ਛਪਾਈ ਦਾ ਇਕ-ਅਧਿਕਾਰ ਵੀ ਕਿਸੇ ਕੋਲ ਨਹੀਂ ਹੋਣਾ ਚਾਹੀਦਾ, ਇਸ (ਗੁਰੂ ਗ੍ਰੰਥ ਸਾਹਿਬ , ਸ਼ਬਦਾਰਥ ਦੀਆਂ ਪੋਥੀਆਂ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਛਪਾਈ) ਦਾ ਇਕ ਪੂਰਾ ਮਹਿਕਮਾ ਅਲੱਗ ਹੋਣਾ ਚਾਹੀਦਾ ਹੈ।) ਜੋ ਗੁਰਬਾਣੀ ਦੇ ਖੋਜੀ ਚਿਦਵਾਨਾਂ ਦੀ ਨਿਗਰਾਨੀ ਵਿਚ ਕੰਮ ਕਰੇ।)
ਗੁਰੂ ਦੀ ਸਰਨ ਪਿਆਂ ਜਦੋਂ ਪਰਮਾਤਮਾ ਮਿਹਰ ਕਰਦਾ ਹੈ, ਤਾਂ ਉਸ ਦੀ ਭਗਤੀ ਕੀਤੀ ਜਾ ਸਕਦੀ ਹੈ। ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜਦੋਂ ਕੋਈ ਮਨੁੱਖ ਗੁਰੂ ਦੇ ਆਪੇ ਵਿਚ ਆਪਣੇ ਆਪੇ ਨੂੰ ਮਿਲਾਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿੱਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਜਿਸ ਦੀ ਸਿਫਤ-ਸਾਲਾਹ ਦੀ ਬਾਣੀ ਵੀ ਸਦਾ ਅਟੱਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿਚ ਜੁੜਿਆਂ, ਮਿਲਾਪ ਹੋ ਜਾਂਦਾ ਹੈ ।1।
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥1॥ ਰਹਾਉ ॥
ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਦਾ ਜਗਤ ਵਿਚ ਆਉਣਾ ਕਿਸ ਅਰਥ ? ਜਿਸ ਨੇ ਜਗਤ ਵਿਚ ਆ ਕੇ ਪੂਰੇ ਗੁਰੂ ਦਾ ਪੱਲਾ ਨਾਹ ਫੜਿਆ, ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ ।1।ਰਹਾਉ।
ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥2॥
ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਉਹ ਆਪ ਹੀ ਮਿਹਰ ਕਰ ਕੇ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ, ਨਹੀਂ ਤਾਂ ਇਹ ਜੀਵ-ਜੰਤ ਵਿਚਾਰੇ ਕੀ ਹਨ ? ਇਨ੍ਹਾਂ ਦੀ ਕੋਈ ਪਾਇਆਂ ਨਹੀਂ ਹੈ ਕਿ ਇਹ ਆਪਣੇ ਉੱਦਮ ਨਾਲ ਪ੍ਰਭੂ ਚਰਨਾਂ ਵਿਚ ਜੁੜ ਸਕਣ, ਆਪਣੇ ਕਿਸੇ ਅਜਿਹੇ ਉੱਦਮ ਦੀ ਬਾਬਤ, ਕੋਈ ਜੀਵ ਕੀ ਆਖ ਕੇ, ਕਿਸੇ ਨੂੰ ਸੁਣਾ ਸਕਦਾ ਹੈ ? ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਮ ਦੀ ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ।2।
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥
ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥3॥
ਮਨੁੱਖ ਆਪਣੇ ਪਰਿਵਾਰ ਨੂੰ ਵੇਖ ਕੇ, ਉਸ ਦੇ ਮੋਹ ਵਿਚ ਫਸ ਜਾਂਦਾ ਹੈ, ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ ਤੁਰਨ ਵੇਲੇ ਕਿਸੇ ਨੇ ਉਸ ਦੇ ਨਾਲ ਨਹੀਂ ਜਾਣਾ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਲੱਭ ਲਿਆ, ਉਸ ਦੀ ਸੋਭਾ ਦਾ ਮੁੱਲ ਨਹੀਂ ਪੈ ਸਕਦਾ, ਪਿਆਰਾ ਪ੍ਰਭੂ ਜੋ ਅਸਲ ਮਿੱਤ੍ਰ ਹੈ, ਅੰਤ ਵੇਲੇ ਜਦੋਂ ਹੋਰ ਸਭ ਅੰਗ-ਸਾਕ ਸਾਥ ਛੱਡ ਦੇਂਦੇ ਹਨ, ਉਸ ਦਾ ਸਾਥੀ ਬਣਦਾ ਹੈ ।3।
ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥4॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਸ ਪੇਕੇ ਘਰ ਵਿਚ, ਇਸ ਲੋਕ ਵਿਚ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਉਸ ਪਰਮਾਤਮਾ ਨੂੰ ਵਿਸਾਰ ਕੇ ਆਪਣੀ ਇੱਜ਼ਤ ਗਵਾ ਲਈ ਹੈ। ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਕਿਤੇ ਕੋਈ ਸਹਾਰਾ ਨਹੀਂ ਮਿਲਦਾ, ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਨਹੀਂ ਵਸਦਾ, ਉਹ ਅੰਤ ਵੇਲੇ ਏਥੋਂ ਪਛਤਾਂਦਾ ਹੋਇਆ ਜਾਂਦਾ ਹੈ ।4।
ਚੰਦੀ ਅਮਰ ਜੀਤ ਸਿੰਘ (ਚਲਦਾ)