ਗੁਰਬਾਣੀ ਦੀ ਸਰਲ ਵਿਆਖਿਆ ਭਾਗ(204)
ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥
ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥5॥
ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ, ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ ਆਪਣੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ। ਇਹ ਇਕ ਕੁਦਰਤੀ ਨਿਯਮ ਹੈ ਕਿ ਜਿਹੜਾ ਮਨੁੱਖ, ਜਿਸ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਉਹ ਓਸੇ ਵਰਗਾ ਹੋ ਜਾਂਦਾ ਹੈ, ਸੋ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ।5।
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥
ਸਤਿਗੁਰ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥6॥
ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਸ਼ਬਦ-ਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਸਾਰੇ ਗੁਣਾਂ ਦਾ ਦਾਤਾ ਪਰਮਾਤਮਾ, ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।6।
ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥
ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥7॥
ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ, ਇਸ ਕਰ ਕੇ ਪਵਿੱਤ੍ਰ ਮਨ ਦੇ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ, ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਤੇ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਨੇ ਸ਼ਬਦ ਸੁਣਾ ਕੇ ਜਿਸ ਮਨੁੱਖ ਦੀ ਸੁਰਤ ਪ੍ਰਭੂ ਦੀ ਸਿਫਤ-ਸਾਲਾਹ ਵਿਚ ਜੋੜ ਦਿੱਤੀ ਹੈ, ਮੈਂ ਉਸ ਭਾਗਾਂਵਾਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ।7।
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥8॥1॥18॥
ਬੇਸ਼ੱਕ ਕੋਈ ਮਨੁੱਖ ਆਪਣੇ ਮਨ ਵਿਚ ਇਹ ਆਖੇ ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਵੀ ਇਹ ਅਖਵਾ ਲਵੇ ਕਿ ਇਸ ਨੇ ਆਪਣਾ ਆਪਾ-ਭਾਵ ਦੂਰ ਕਰ ਲਿਆ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ। ਪਰਮਾਤਮਾ ਆਪਣੀ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਜੀਵਾਂ ਨੂੰ ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ, ਉਹ ਹੀ ਉਸ ਨੂੰ ਆਪਣੇ ਮਨ ਵਿਚ ਵਸਾਂਦਾ ਹੈ।
ਹੇ ਨਾਨਕ, ਪਰਮਾਤਮਾ, ਜੀਵ ਨੂੰ ਗੁਰੂ ਦੀ ਸਰਨ ਪਾ ਕੇ ਆਪ ਹੀ, ਸਿਫਤ-ਸਾਲਾਹ ਵਾਲੀ ਸੁਰਤ ਬਖਸ਼ਦਾ ਹੈ, ਤੇ ਫਿਰ ਆਪ ਹੀ ਉਸ ਨੂੰ ਲੋਕ-ਪਰਲੋਕ ਵਿਚ ਸੋਭਾ ਤੇ ਵਡਿਆਈ ਦੇਂਦਾ ਹੈ ।8।1।18।
ਚੰਦੀ ਅਮਰ ਜੀਤ ਸਿੰਘ (ਚਲਦਾ)