ਗੁਰਬਾਣੀ ਦੀ ਸਰਲ ਵਿਆਖਿਆ ਭਾਗ(206)
ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥5॥
ਉਹੀ ਮਨੁੱਖ ਸਦਾ ਲਈ ਪਵਿੱਤ੍ਰ ਜੀਵਨ ਵਾਲੇ ਰਹਿੰਦੇ ਹਨ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਬਣਿਆ ਰਹਿੰਦਾ ਹੈ। ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ, ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ।5।
ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥6॥
ਹੇ ਭਾਈ, ਬੇਸ਼ੱਕ ਤੁਸੀਂ ਸ਼ਾਸਤ੍ਰਾਂ ਸਿਮ੍ਰਿਤੀਆਂ ਆਦਿ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਦੇਖ ਲਵੋ, ਆਪਣੇ ਮਨ ਦੇ ਹੱਠ ਨਾਲ ਕੀਤੇ ਹੋਏ ਕਿਸੇ ਵੀ ਤਰੀਕੇ ਨਾਲ ਹਉਮੈ ਦੇ ਜ਼ਹਰ ਤੋਂ ਬਚ ਨਹੀਂ ਸਕੀਦਾ। ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤ ਵਿਚ ਮਿਲ ਕੇ ਹੀ ਮਨੁੱਖ, ਹਉਮੈ ਦੇ ਵਿਕਾਰ ਤੋਂ ਬਚਦੇ ਹਨ।6।
ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥7॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ-ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ ਸਭ ਪਦਾਰਥਾਂ ਦੇ ਗੁਣਾਂ ਦਾ ਖਜ਼ਾਨਾ ਹੈ। ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ ਇਹ ਖਜ਼ਾਨਾ ਹਾਸਲ ਕਰਦੇ ਹਨ ਤੇ ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ।7।
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥8॥2॥19॥
ਹੇ ਨਾਨਕ, ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ, ਕੋਈ ਹੋਰ ਦੂਜਾ ਨਹੀਂ, ਜੋ ਇਹ ਦਾਤ ਦੇ ਸਕੇ। ਪ੍ਰਭੂ ਦਾ ਨਾਮ, ਗੁਰੂ ਦੀ ਪਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ ।8।2।19।
ਚੰਦੀ ਅਮਰ ਜੀਤ ਸਿੰਘ (ਚਲਦਾ)