ਗੁਰਬਾਣੀ ਦੀ ਸਰਲ ਵਿਆਖਿਆ ਭਾਗ(207)
ਸਿਰੀਰਾਗੁ ਮਹਲਾ 3 ॥
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥1॥
ਜਿਹੜਾ ਜੀਵ ਪੰਛੀ ਇਸ ਸਰੀਰ ਰੁੱਖ ਵਿਚ ਬੈਠਾ ਹੋਇਆ, ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਮਾਇਕ ਪਦਾਰਥਾਂ ਦੇ ਚੋਗੇ ਵੱਲ ਭਟਕਦਾ ਨਹੀਂ ਫਿਰਦਾ, ਇਸ ਵਾਸਤੇ ਜਨਮ-ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਉਸ ਨੂੰ ਆਪਣੇ ਅਸਲ ਘਰ ਵਿਚ, ਪ੍ਰਭੂ ਚਰਨਾਂ ਵਿਚ ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ।1।
ਮਨ ਰੇ ਗੁਰ ਕੀ ਕਾਰ ਕਮਾਇ ॥
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥1॥ ਰਹਾਉ ॥
ਹੇ ਮੇਰੇ ਮਨ, ਗੁਰੂ ਦੀ ਦੱਸੀ ਕਾਰ ਕਰ। ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਂਗਾ ।1।ਰਹਾਉ।
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥2॥
ਜਿਹੜੇ ਜੀਵ ਪੰਛੀ, ਆਪੋ ਆਪਣੇ ਸਰੀਰ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ, ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ ਉਡਦੇ ਫਿਰਦੇ ਹਨ, ਉੱਤਨਾ ਹੀ ਵਧੀਕ ਦੁਖ ਸਹਾਰਦੇ ਹਨ, ਸਦਾ ਖਿਝਦੇ ਹਨ ਤੇ ਵਿਲਕਦੇ ਹਨ। ਗੁਰੂ ਦੀ ਸਰਨ ਤੋਂ ਬਿਨਾ ਉਨ੍ਹਾਂ ਨੂੰ ਪਰਮਾਤਮਾ ਦਾ ਟਿਕਾਣਾ ਨਹੀਂ ਦਿਸਦਾ, ਨਾ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ।2।
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥3॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ ਮਾਨੋ, ਇਕ ਹਰਾ-ਭਰਾ ਰੁੱਖ ਹੈ। ਉਹ ਵਡਭਾਗੀ ਮਨੁੱਖ, ਸਦਾ-ਥਿਰ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਪਰਮਾਤਮਾ ਦੀ ਸਿਫਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ, ਮਾਇਆ ਦੇ ਤਿੰਨ ਰੂਪ, ਤਿੰਨ ਟਾਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ। ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ ਇਕ ਨਾਮ-ਫਲ ਲਗਦਾ ਹੈ। ਪਰਮਾਤਮਾ ਮਿਹਰ ਕਰ ਕੇ ਆਪ ਹੀ ਉਸ ਨੂੰ ਇਹ ਫਲ ਚਖਾ ਦੇਂਦਾ ਹੈ।3।
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥4॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ, ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਨ੍ਹਾਂ ਨੂੰ ਨਾ ਹੀ ਫਲ ਲਗਦਾ ਹੈ, ਨਾ ਹੀ ਉਨ੍ਹਾਂ ਦੀ ਛਾਂ ਹੁੰਦੀ ਹੈ, ਭਾਵ ਨਾ ਹੀ ਉਨ੍ਹਾਂ ਕੋਲ ਪ੍ਰਭੂ ਦਾ ਨਾਮ ਹੈ, ਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ। ਉਨ੍ਹਾਂ ਦੇ ਕੋਲ ਬੈਠਣਾ ਨਹੀਂ ਚਾਹੀਦਾ, ਉਨ੍ਹਾਂ ਦਾ ਕੋਈ ਘਰ-ਘਾਟ ਨਹੀਂ ਹੈ, ਉਨ੍ਹਾਂ ਨੂੰ ਕਿਸੇ ਪਾਸਿਉਂ ਕੋਈ ਆਤਮਕ ਸਹਾਰਾ ਨਹੀਂ ਮਿਲਦਾ। ਉਹ ਮਨੁੱਖ-ਰੁੱਖ ਸਦਾ ਕਟੀਦੇ ਹਨ ਤੇ ਸਾੜੀਦੇ ਹਨ, ਮਾਇਆ ਦੇ ਮੋਹ ਦੇ ਕਾਰਨ ਉਹ ਸਦਾ ਦੁਖੀ ਰਹਿੰਦੇ ਹਨ, ਉਨ੍ਹਾਂ ਕੋਲ ਨਾ ਪ੍ਰਭੂ ਦੀ ਸਿਫਤ-ਸਾਲਾਹ ਹੈ, ਨਾ ਪਰਮਾਤਮਾ ਦਾ ਨਾਮ ਹੀ ਹੈ ।4।
ਚੰਦੀ ਅਮਰ ਜੀਤ ਸਿੰਘ (ਚਲਦਾ)