ਗੁਰਬਾਣੀ ਦੀ ਸਰਲ ਵਿਆਖਿਆ ਭਾਗ(208)
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥5॥
ਪਰ ਹੇ ਪ੍ਰਭੂ ਜੀਵਾਂ ਦੇ ਕੀ ਵੱਸ ਹੈ ? ਤੇਰੇ ਹੁਕਮ ਵਿਚ ਹੀ ਜੀਵ ਕਰਮ ਕਮਾਂਦੇ ਹਨ, ਤੇਰੇ ਹੁਕਮ ਵਿਚ ਹੀ ਪਿੱਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ, ਉਨ੍ਹਾਂ ਨੂੰ ਜਨਮ-ਮਰਨ ਦਾ ਗੇੜ ਪਿਆ ਰਹਿੰਦਾ ਹੈ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ, ਉਧਰ ਹੀ ਜੀਵਾਂ ਨੂੰ ਜਾਣਾ ਪੈਂਦਾ ਹੈ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ-ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਉਹ, ਤੇਰੇ ਸਦਾ-ਥਿਰ ਸਰੂਪ ਵਿਚ ਸਮਾ ਜਾਂਦੇ ਹਨ।5।
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥6॥
ਕਈ ਵਿਚਾਰੇ ਐਸੇ ਮੂਰਖ ਹਨ, ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ ਮਾਇਆ ਦੇ ਮੋਹ ਦੇ ਕਾਰਨ, ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਉਹ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਹੱਠ ਨਾਲ, ਕਈ ਕਿਸਮ ਦੇ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਵਿਕਾਰਾਂ ਵਿਚ ਫਸੇ ਹੋਏ, ਸਦਾ ਖੁਆਰ ਹੁੰਦੇ ਰਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਸ਼ਾਨਤੀ ਨਹੀਂ ਆਉਂਦੀ, ਨਾ ਹੀ ਉਨ੍ਹਾਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਬਣਦਾ ਹੈ।6।
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥7॥
ਗੁਰੂ ਦੇ ਸਨਮੁਖ ਰਹਣ ਵਾਲੇ ਮਨੁੱਖਾਂ ਦੇ ਮੂੰਹ ਨਾਮ ਦੀ ਲਾਲੀ ਨਾਲ ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ,ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ ਦੀ ਸਦਾ-ਥਿਰ ਰਹਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਇਸ ਕਰ ਕੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ। ਉਨ੍ਹਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ। ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ।7।
(ਏਥੇ ਕੁਲ ਬਾਰੇ ਵੀ ਥੋੜਾ ਖੁਲਾਸਾ ਕਰ ਲੈਣਾ ਜ਼ਰੂਰੀ ਹੈ। ਸਿੱਖ ਪਰਚਾਰਕ ਆਮ ਕਰ ਕੇ ਪਰਵਾਰ ਵਿਚੋਂ ਬੰਦੇ ਦੀ ਕੁਲ, ਜਨਾਨੀ ਦੀ ਕੁਲ, ਮੁੰਡੇ ਦੇ ਸਹੁਰਿਆਂ ਦੀ ਕੁਲ, ਕੁੜੀ ਦੇ ਸਹੁਰਿਆਂ ਦੀ ਕੁਲ, ਅਗਾਂਹ ਉਨਾਂ ਦੇ ਬੱਚਿਆਂ ਦੀਆਂ ਕੁਲਾਂ ਰਲਾ ਕੇ ਇੱਕੀ ਕੁਲਾਂ ਬਣਾ ਲੈਂਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਗੁਰਮਤਿ ਅਨੁਸਾਰ "ਆਪੇ ਬੀਜ ਆਪੇ ਹੀ ਖਾਹ" ਦਾ ਸਿਧਾਂਤ ਹੈ। ਨਾ ਕੋਈ ਕਿਸੇ ਦੀ ਕੀਤੀ ਭਗਤੀ ਲੈ ਸਕਦਾ ਹੈ, ਨਾ ਕੋਈ ਕਿਸੇ ਨੂੰ ਭਗਤੀ ਦੇ ਸਕਦਾ ਹੈ। ਇਸ ਆਧਾਰ ਤੇ ਪੈਸੇ ਦੇ ਕੇ ਕਰਵਾਏ ਜਾਂਦੇ "ਅਖੰਡ-ਪਾਠ" ਦੀ ਕੋਈ ਤੁਕ ਨਹੀਂ ਬਣਦੀ। ਗੁਰੂ ਨਾਨਕ ਜੀ ਦੀ ਕੁਲ ਵਿਚ ਸ੍ਰੀ-ਚੰਦ, ਬਿੰਦੀ ਪੁਤ੍ਰ ਸੀ, ਜਿਸ ਦੇ ਆਧਾਰ ਤੇ ਉਨ੍ਹਾਂ ਨਾਨਕ ਜੀ ਦੀ ਜਾਇਦਾਦ ਲੈ ਲਈ , ਇਹ ਸਭ ਦੁਨਿਆਵੀ ਕਾਰ ਵਿਹਾਰ ਹੈ। ਗੁਰੂ ਅੰਗਦ ਜੀ, ਗੁਰੂ ਨਾਨਕ ਜੀ ਦੇ ਨਾਦੀ ਪੁੱਤ੍ਰ ਸਨ, ਉਹ ਨਾਨਕ ਜੀ ਦੀ ਸੁਹਬਤ ਵਿਚ ਆਪਣੇ ਲਈ ਨਾਮ ਦੀ ਕਮਾਈ ਆਪ ਹੀ ਕਰਦੇ ਸਨ। ਇਸ ਖੇਤ ਵਿਚ ਸਾਨੂੰ ਉਹੀ ਕੁਝ ਮਿਲਦਾ ਹੈ, ਜੋ ਅਸੀਂ ਆਪ ਬੀਜਦੇ ਹਾਂ। ਇਸ ਵਪਾਰ ਵਿਚ, ਦੁਨੀਆ ਦੀ ਕੋਈ ਚੀਜ਼ ਕੰਮ ਨਹੀਂ ਕਰਦੀ, ਨਾ ਕੋਈ ਅਰਦਾਸ ਹੀ ਕੰਮ ਆਉਂਦੀ ਹੈ, ਇਹ ਸਭ ਦੁਨਿਆਵੀ ਵਿਖਾਵੇ ਹਨ।)
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥8॥3॥20॥
ਪਰ ਜੀਵਾਂ ਦੇ ਵੱਸ ਦੀ ਗਲ ਨਹੀਂ, ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕੰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਸਦਾ-ਥਿਰ ਰਹਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵੱਲ ਵੇਖਦਾ ਹੈ, ਉਹ ਜੀਵ ਉਹੌ ਜਿਹਾ ਹੋ ਜਾਂਦਾ ਹੈ।
ਹੇ ਨਾਨਕ, ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਨਾਲ ਜੁੜਦਾ ਹੈ, ਉਸ ਨੂੰ ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ, ਉਸ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ।8।3।20।
ਚੰਦੀ ਅਮਰ ਜੀਤ ਸਿੰਘ (ਚਲਦਾ)