ਗੁਰਬਾਣੀ ਦੀ ਸਰਲ ਵਿਆਖਿਆ ਭਾਗ(209)
ਸਿਰੀਰਾਗੁ ਮਹਲਾ 3 ॥
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥
ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥1॥
ਗੁਰੂ ਦੀ ਸਰਨ ਪਿਆਂ ਹੀ, ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ ਸਿਮਰਨ ਦੀ ਸੋਝੀ ਨਹੀਂ ਹੁੰਦੀ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਲੋਕ-ਪਰਲੋਕ ਵਿਚ ਸਦਾ ਸੁਰਖਰੂ ਰਹਿੰਦੇ ਹਨ, ਉਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਤੇ ਉਨ੍ਹਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ। ਆਤਮਕ ਅਡੋਲਿਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।1।
ਭਾਈ ਰੇ ਦਾਸਨਿ ਦਾਸਾ ਹੋਇ ॥
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥1॥ ਰਹਾਉ ॥
ਹੇ ਭਾਈ, ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ, ਇਹੀ ਹੈ ਗੁਰੂ ਦੀ ਦੱਸੀ ਸੇਵਾ, ਇਹ ਹੈ ਗੁਰੂ ਦੀ ਦੱਸੀ ਭਗਤੀ। ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦੀ ਹੈ।1।ਰਹਾਉ।
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥
ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥2॥
ਜਿਹੜੀਆਂ ਜੀਵ-ਇਸਤ੍ਰੀਆਂ, ਗੁਰੂ ਦੇ ਪ੍ਰੇਮ ਵਿਚ ਟਿਕ ਕੇ ਜੀਵਨ ਰਾਹ ਤੇ ਤੁਰਦੀਆਂ ਹਨ, ਉਹ ਪ੍ਰਭੂ-ਪਤੀ ਦੀ ਪ੍ਰਸੰਨਤਾ ਦੀਆਂ ਸੁਭਾਗੀ ਬਣ ਜਾਂਦੀਆਂ ਹਨ, ਉਨ੍ਹਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ। ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਪਤੀ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾ ਕਦੇ ਮਰਦਾ ਹੇ ਨਾ ਜੰਮਦਾ ਹੈ। ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨੂੰ ਮਿਲਦੀ ਹੈ, ਉਹ ਮੁੜ ਉਸ ਤੋਂ ਵਿਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ।2।
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥3॥
ਪਰਮਾਤਮਾ ਪਵਿਤ੍ਰ ਸਰੂਪ ਹੈ, ਬਹੁਤ ਹੀ ਪਵਿਤ੍ਰ ਸਰੂਪ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ, ਜਿਹੜਾ ਮਨੁੱਖ, ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਹ ਇਸ ਭੇਤ ਨੂੰ ਨਹੀਂ ਸਮਝਦਾ, ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰੂ ਦੀ ਮੱਤ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ ਮਨੁੱਖ ਦੀ ਰਸਨਾ (ਮਨ) ਵਿਚ ਪਰਮਾਤਮਾ ਦੇ ਨਾਮ ਦਾ ਸਵਾਦ ਟਿਕਿਆ ਰਹਿੰਦਾ ਹੈ ।3।
ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥
ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥4॥
ਜਿਹੜਾ ਮਨੁੱਖ, ਗੁਰੂ ਦੀ ਮੱਤ ਅਨੁਸਾਰ ਤੁਰਦਾ ਹੈ ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਮੁਕਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜਗਤ, ਮਾਇਆ ਦੇ ਮੋਹ ਦੇ ਕਾਰਨ ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਨਿਗਲ ਜਾਂਦੀ ਹੈ। ਹੇ ਭਾਈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)