ਗੁਰਬਾਣੀ ਦੀ ਸਰਲ ਵਿਆਖਿਆ ਭਾਗ(210)
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥5॥
ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ ਵੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ ਪ੍ਰੇਮ ਵਿਚ ਉਨ੍ਹਾਂ ਦੀ ਸੁਰਤ ਨਹੀਂ ਜੁੜਦੀ। ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗਲਬਾ ਪਾ ਰਹੀ ਹੈ, ਸਭ ਜੀਵਾਂ ਨੂੰ ਹੀ ਬਹੁਤ ਬੁਰੀ ਤਰ੍ਹਾਂ ਚੰਬੜੀ ਹੋਈ ਹੈ। ਹੇ ਭਾਈ, ਗੁਰੂ ਦੀ ਸਰਨ ਤੋਂ ਬਿਨਾ, ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਵੀ ਦੂਰ ਨਹੀਂ ਹੁੰਦਾ।5।
ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥6॥
ਜੇ ਪੁੱਛੋ ਕਿ ਮਾਇਆ ਕਿਸ ਚੀਜ਼ ਦਾ ਨਾਮ ਹੈ ? ਮਾਇਆ ਦਾ ਕੀ ਸਰੂਪ ਹੈ ? ਜੀਵਾਂ ਉੱਤੇ ਪ੍ਰਭਾਵ ਪਾ ਕੇ, ਉਨ੍ਹਾਂ ਦੀ ਰਾਹੀਂ ਮਾਇਆ ਕਿਹੜੇ ਕੰਮ ਕਰਦੀ ਹੈ ? ਤਾਂ ਜਵਾਬ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁੱਖ ਤੋਂ ਛੁਟਕਾਰੇ ਵਿਚ ਅਤੇ ਸੁਖ ਦੀ ਲਾਲਸਾ ਵਿਚ ਬੱਝਾ ਰਹਿੰਦਾ ਹੈ, ਤੇ ਮੈਂ ਵੱਡਾ ਹਾਂ, (ਹਉਮੈ) ਮੈਂ ਵੱਡਾ ਬਣ ਜਾਵਾਂ (ਲੋਭ) ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ, ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾ ਹੀ ਇਸ ਦੇ ਅੰਦਰੋਂ ਮੈਂ ਮੇਰੀ ਦੀ ਭਾਵਨਾ ਦੂਰ ਹੁੰਦੀ ਹੈ।6।
ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥ 7॥
ਗੁਰੂ ਦੇ ਸ਼ਬਦ ਤੋਂ ਬਿਨਾ, ਮਨੁੱਖ ਦੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਨਹੀਂ ਹੁੰਦੀ, ਤੇ ਪ੍ਰੀਤ ਤੋਂ ਬਿਨਾ ਜੀਵ ਪਾਸੋਂ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਪਰਮਾਤਮਾ ਦੇ ਦਰ ਤੇ ਜੀਵ ਕਬੂਲ ਨਹੀਂ ਹੁੰਦਾ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਵਿਚੋਂ ਹਉਮੈ ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ, ਦੂਰ ਹੁੰਦੀ ਹੈ। ਗੁਰੂ ਦੀ ਸਰਨ ਪਿਆਂ, ਪਰਮਾਤਮਾ ਦਾ ਨਾਮ ਸਹਜ-ਸੁਭਾ ਹੀ ਮਿਲ ਜਾਂਦਾ ਹੈ।7।
ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥
ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥
ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥8॥4॥21॥
ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ, ਮਨੁੱਖ ਦੇ ਮਨ ਵਿਚ ਵੱਸਦਾ ਹੈ, ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਵਿਚ ਟਿਕਿਆਂ, ਉਹ ਪ੍ਰਭੂ ਮਿਲ ਪੈਂਦਾ ਹੈ।
ਹੇ ਨਾਨਕ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ। ਪਰ ਇਹ ਦਾਤ ਉਸ ਕਰਤਾਰ ਦੀ ਮਿਹਰ ਨਾਲ ਹੀ ਮਿਲਦੀ ਹੈ ।8।4।21।
ਚੰਦੀ ਅਮਰ ਜੀਤ ਸਿੰਘ (ਚਲਦਾ)