ਗੁਰਬਾਣੀ ਦੀ ਸਰਲ ਵਿਆਖਿਆ ਭਾਗ(211)
ਸਿਰੀਰਾਗੁ ਮਹਲਾ 3 ॥
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥1॥
ਮੇਰੇ ਪ੍ਰਭੂ ਨੇ ਆਪ ਹੀ, ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ। ਉਸ ਭਟਕਣਾ ਵਿਚ ਪਏ ਹੋਏ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਿਥੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਜਿਹੜਾ ਵੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾਂਦਾ ਹੈ। ਗੁਰੂ ਦੀ ਬਾਣੀ ਇਸ ਜਗਤ ਵਿਚ, ਜੀਵਨ ਦੇ ਰਸਤੇ ਵਿਚ ਚਾਨਣ ਕਰਦੀ ਹੈ। ਇਹ ਬਾਣੀ ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਆ ਵੱਸਦੀ ਹੈ।1।
ਮਨ ਰੇ ਨਾਮੁ ਜਪਹੁ ਸੁਖੁ ਹੋਇ ॥
ਗੁਰ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥1॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪ, ਨਾਮ ਜਪਣ ਨਾਲ ਹੀ ਆਤਮਕ ਆਨੰਦ ਮਿਲਦਾ ਹੈ। ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ, ਆਤਮਕ ਅਡੋਲਤਾ ਵਿਚ ਟਿਕਦਾ ਹੈ, ਤੇ ਮਨੁੱਖ ਨੂੰ ਉਹ ਪਰਮਾਤਮਾ ਮਿਲ ਜਾਂਦਾ ਹੈ।1।ਰਹਾਉ।
ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥
ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥
ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥2॥
ਗੁਰੂ ਦੀ ਰਾਹੀਂ, ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਸ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ, ਸ਼ਬਦ ਦੀ ਸਿਖਿਆ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ ਪਰਮਾਤਮਾ ਮਨ ਵਿਚ ਆ ਵੱਸਦਾ ਹੈ, ਅੰਤਰ-ਆਤਮੇ ਟਿਕ ਜਾਈਦਾ ਹੈ, ਪ੍ਰਭੂ ਚਰਨਾਂ ਵਿਚ, ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ, ਸੁਚੱਜੇ ਜੀਵਨ ਨੂੰ ਖਾ ਨਹੀਂ ਸਕਦੀ ।2।
ਨਾਮਾ ਛੀਬਾ ਕਬੀਰੁ ਜੁੋਲਾਹਾ ਪੂਰੇ ਗੁਰ ਤੇ ਗਤਿ ਪਾਈ ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥3॥
ਵੇਖੋ ਨਾਮ ਦੇਉ (ਨਾਮ ਦੇਉ ਨੂੰ ਵੀ ਨਾਮ ਦੇਵ ਬਣਾ ਕੇ ਗੁਰੂ ਨਾਨਕ ਜੀ, ਗੁਰੂ ਅੰਗਦ ਜੀ,ਅਤੇ ਗੁਰੂ ਅਰਜਨ ਜੀ ਨੂੰ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਅਤੇ ਗੁਰੂ ਅਰਜਨ ਦੇਵ ਬਨਾਉਣ ਦੀ ਕਵਾਇਦ ਪੂਰੀ ਕੀਤੀ ਜਾ ਰਹੀ ਹੈ) ਜਾਤ ਦਾ ਛੀਂਬਾ ਸੀ, ਕਬੀਰ ਜੁਲਾਹਾ ਸੀ, ਉਨ੍ਹਾਂ ਨੇ ਪੂਰੇ (ਸ਼ਬਦ) ਗੁਰੂ ਤੋਂ ਉੱਚੀ Awਤਮਕ ਅਵਸਥਾ ਪ੍ਰਾਪਤ ਕੀਤੀ, ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਨ੍ਹਾਂ ਪ੍ਰਭੂ ਦੀ ਸਿਫਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਇਸ ਤਰ੍ਹਾਂ ਉਨ੍ਹਾਂ ਆਪਣੇ ਅੰਦਰੋਂ ਹਉਮੈ ਦਾ ਬੀਜ ਨਾਸ ਕਰ ਦਿੱਤਾ। ਹੇ ਭਾਈ, ਹੁਣ ਦੇਵਤੇ ਤੇ ਮਨੁੱਖ ਉਨ੍ਹਾਂ ਦੀ ਉਚਾਰੀ ਹੋਈ ਬਾਣੀ ਗਾਉਂਦੇ ਹਨ, (ਗਾਉਣ ਬਾਰੇ ਗੁਰੂ ਸਾਹਿਬ ਨੇ ਸੇਧ ਦਿੱਤੀ ਹੈ। (ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥) (669) ਹੇ ਭਾਈ, ਸੇਵਕ ਅਖਵਾਣ ਵਾਲੇ, ਸਿੱਖ ਅਖਵਾਣ ਵਾਲੇ, ਸਾਰੇ ਗੁਰੂ ਦਰ ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ, ਗੁਰਬਾਣੀ ਗਾਉਂਦੇ ਹਨ। ਪਰ ਪਰਮਾਤਮਾ, ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉੱਤੇ ਅਮਲ ਕੀਤਾ ਹੈ। ਦੇਖੋ ਇਸ ਵਿਚ ਕਿੰਨਾ ਕੁਝ ਆਇਆ ਹੈ। 1, ਸਾਰੇ ਸੇਵਕ ਅਤੇ ਸਿੱਖ ਪ੍ਰਭੂ ਦੀ ਪੂਜਾ-ਭਗਤੀ ਕਰਨ ਲਈ ਗੁਰੂ ਦਰ ਤੇ ਆਉਂਦੇ ਹਨ, ਕਿਉਂਕਿ ਪ੍ਰਭੂ ਦੀ ਪੂਜਾ-ਭਗਤੀ ਗੁਰੂ ਦੀ ਬਾਣੀ ਨਾਲ, ਸੁਚੱਜੇ ਢੰਗ ਨਾਲ ਹੁੰਦੀ ਹੈ। 2, ਗਾਉਣ ਵਾਲਿਆਂ ਦੇ ਮਨ ਦੀ ਇਕਾਗਰਤਾ ਅਤੇ ਗੁਰੂ ਤੇ ਭਰੋਸਾ ਵੀ ਉਸ ਗਾਉਣ ਵਿਚ ਹੀ ਸ਼ਾਮਲ ਹੁੰਦਾ ਹੈ। 3, ਗਾਉਣ ਵਾਲੇ ਉਸ ਨੂੰ ਕਿੰਨਾ ਕੁ ਸੁਚੇਤ ਹੋ ਕੇ ਸੁਣਦੇ ਹਨ, ਕਿਉਂਕਿ ਚੰਗੀ ਤਰ੍ਹਾਂ ਸੁਣੇ ਬਗੈਰ ਇਹ ਨਹੀਂ ਸਮਝਿਆ ਜਾ ਸਕਦਾ ਕਿ ਬਾਣੀ ਦਾ ਆਸ਼ਾ ਕੀ ਹੈ ਆਪਣੀ ਅਕਲ ਦੀ ਵਰਤੋਂ ਕਰ ਕੇ ਉਸ ਬਾਣੀ ਨੂੰ ਕਿੰਨਾ ਕੁ ਸਮਝਦੇ ਹਨ ? 4, ਜੇ ਉਹ ਉਸ ਬਾਣੀ ਨੂੰ ਸਮਝਣਗੇ ਤਾਂ ਹੀ ਉਸ ਅਨੁਸਾਰ ਜੀਵਨ ਢਾਲਣਗੇ, ਰੱਬ ਦੇ ਨਾਲ ਪਿਆਰ ਪਾਉਣਗੇ, ਉਸ ਮਗਰੋਂ ਪਰਮਾਤਮਾ ਦੀ ਬਖਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਹੈ ਪਰਮਾਤਮਾ ਨੂੰ ਲੱਭਣ ਦੀ ਕਿਰਿਆ। ਕੀ ਸਿੱਖ ਇਹ ਸਭ ਕਰ ਹੇ ਹਨ ?
ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥4॥
ਹਰਨਾਖਸ਼ ਦੈਂਤ ਦਾ ਪੁਤ੍ਰ ਭਗਤ-ਪ੍ਰਹਿਲਾਦ ਮਿਥੇ ਹੋਏ ਧਾਰਮਿਕ ਕਰਮਾਂ, ਇੰਦਰੀਆਂ ਨੂੰ ਵੱਸ ਕਰਨ ਦੀਆਂ
ਜੁਗਤੀਆਂ ਦੱਸਣ ਵਾਲੀਆਂ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਤੋਂ ਬਿਨਾ ਹੋਰ ਕਿਸੇ ਦੇਵਤੇ ਨਾਲ ਪਿਆਰ ਕਰਨਾ
ਨਹੀਂ ਸੀ ਜਾਣਦਾ। ਪੂਰਾ ਗੁਰੂ ਮਿਲਣ ਦੀ ਬਰਕਤ ਨਾਲ ਉਹ ਪਵਿੱਤ੍ਰ ਜੀਵਨ ਵਾਲਾ ਹੋ ਗਿਆ, ਹਰ ਵੇਲੇ ਪਰਮਾਤਮਾ
ਦਾ ਨਾਮ ਜਪਣ ਲੱਗ ਪਿਆ। ਉਹ ਇਕ ਪਰਮਾਤਮਾ ਦੀ ਸਿਫਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ
ਸਮਝਦਾ ਸੀ, ਪ੍ਰਭੂ ਤੋਂ ਬਿਨਾ ਉਹ ਹੋਰ ਕਿਸੇ ਨੂੰ ਪਰਮਾਤਮਾ ਵਰਗਾ ਨਹੀਂ ਸਮਝਦਾ ਸੀ ।4।
ਚੰਦੀ ਅਮਰ ਜੀਤ ਸਿੰਘ (ਚਲਦਾ)
ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(211)
Page Visitors: 84