ਗੁਰਬਾਣੀ ਦੀ ਸਰਲ ਵਿਆਖਿਆ ਭਾਗ(213)
ਸਿਰੀਰਾਗੁ ਮਹਲਾ 3 ॥
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਏ ॥
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥1॥
ਸਾਰੀ ਦੁਨੀਆ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ। ਪੰਡਿਤ ਤੇ ਜੋਤਸ਼ੀ, ਸ਼ਾਸਤ੍ਰ ਆਦਿ ਧਰਮ-ਪੁਸਤਿਕਾਂ ਪੜ੍ਹ ਪੜ੍ਹ ਕੇ ਥੱਕ ਗਏ, ਪਰ ਸਹਜ ਅਵਸਥਾ ਪ੍ਰਾਪਤ ਨਾ ਕਰ ਸਕੇ, ਛੇ ਭੇਖਾਂ ਦੇ ਸਾਧੂ ਵੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ, ਉਹ ਵੀ ਸਹਜ ਅਵਸਥਾ ਨਾ ਲੱਭ ਸਕੇ। ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ ਅਵਸਥਾ ਪ੍ਰਾਪਤ ਕਰਦੇ ਹਨ ।1।
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥1॥ ਰਹਾਉ ॥
ਹੇ ਭਾਈ, ਗੁਰੂ ਦੀ ਸਰਨ ਤੋਂ ਬਿਨਾ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ। ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਆਤਮਕ ਅਡੋਲਤਾ, ਮਨ ਦੀ ਸ਼ਾਂਤੀ, ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਣ ਵਾਲਾ ਹਰੀ ਮਿਲਦਾ ਹੈ ।1।ਰਹਾਉ।
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥2॥
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਵੀ ਤਦ ਹੀ ਪ੍ਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਣਾ ਵਿਅਰਥ ਜਾਂਦਾ ਹੈ। ਆਤਮਕ ਅਡੋਲਤਾ ਵਿਚ ਟਿਕਿਆਂ ਹੀ, ਮਨੁੱਖ ਦੇ ਅੰਦਰ ਪ੍ਰਭੂ ਦੀ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, ਦੁਨੀਆ ਵਲੋਂ ਵੈਰਾਗ ਵਿਚ ਰਹਿੰਦਾ ਹੈ। ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ, ਮਨੁੱਖ ਦੀ ਸਾਰੀ ਜ਼ਿੰਦਗੀ ਵਿਅਰਥ ਜਾਂਦੀ ਹੈ।2।
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥3॥
ਹੇ ਭਾਈ, ਤੂੰ ਆਤਮਕ ਅਡੋਲਤਾ ਵਿਚ ਟਿਕ ਕੇ, ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ, ਸਦਾ ਪਰਮਾਤਮਾ ਦੀ ਸਿਫਤ-ਸਾਲਾਹ ਕਰਦਾ ਰਹੀਂ। ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵਸਦਾ ਹੈ, ਉਸ ਦੀ ਰਸਨਾ, ਉਸ ਦਾ ਮਨ ਪਰਮਾਤਮਾ ਦੇ ਨਾਮ ਦਾ ਸੁਆਦ ਚਖਦਾ ਰਹਿੰਦਾ ਹੈ।3।
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥4॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ, ਆਤਮਕ-ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ, ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵਸਦਾ ਹੇ। ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ।4।
ਚੰਦੀ ਅਮਰ ਜੀਤ ਸਿੰਘ (ਚਲਦਾ)