ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(214)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(214)
Page Visitors: 68

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(214)             
     ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
     ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
     ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥ 5
       ਮਾਇਆ ਦੇ ਮੋਹ ਵਿਚ ਟਿਕੇ ਰਿਹਾਂ, ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ ਫਸਾਂਦੀ ਹੈ। ਅਜਿਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, ਆਪਣੇ ਆਪ ਨੂੰ ਸਾੜਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ।5    
     ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
     ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
     ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥6
       ਮਾਇਆ ਦੇ ਮੋਹ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਂਿਹਦਾ ਹੈ। ਇਸ ਹਾਲਤ ਵਿਚ ਧਾਰਮਿਕ-ਪੁਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ, ਪ੍ਰਭੂ ਤੋਂ ਖੁੰਝ ਕੇ ਗਲਤ ਜੀਵਨ ਰਾਹ ਤੇ ਤੁਰਦਾ ਹੈ। ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਚੌਥੀ ਆਤਮਕ ਅਵਸਥਾਂ ਵਿਚ ਅਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ।6
     ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
     ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
     ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥7
       ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ, ਸਭ ਪਦਾਰਥਾਂ ਦਾ ਖਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸੋਝੀ ਆਉਂਦੀ ਹੈ। ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫਤ-ਸਾਲਾਹ ਕਰਦੇ ਹਨ। ਜਿਹੜਾ ਮਨੁੱਖ ਸਿਫਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਵੀ ਅਟੱਲ ਹੋ ਜਾਂਦੀ ਹੈ। ਉਹ ਪਰਮਾਤਮਾ ਇਤਨਾ ਦਇਆਲੂ ਹੈ ਕਿ ਉਹ ਸਰਨ ਆਏ, ਕੁਰਾਹੇ ਪਏ ਬੰਦਿਆਂ ਨੂੰ ਵੀ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਵਡਭਾਗੀ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।7
     ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
     ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
     ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥8
       ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਜਗਤ ਉੱਤੇ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫਤ ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ ਪਰਮਾਤਮਾ ਦੇ ਗੁਣਾਂ ਦੀ ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ। ਅਜਿਹੇ ਭਾਗਾਂ ਵਾਲੇ ਬੰਦਿਆਂ ਨੂੰ ਪੂਰੇ ਗੁਰੂ ਨੇ ਅਤੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਨਾਲ ਜੋੜ ਲਿਆ ਹੁੰਦਾ ਹੈ।8
     ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
     ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
     ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥9
       ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ, ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤ, ਸੁਰਤ ਨੂੰ ਆਪਣੀ ਜੋਤ ਵਿਚ ਮਿਲਾਣ ਦੇ ਸਮਰੱਥ ਹੈ। ਹੇ ਭਾਈ, ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ, ਉਸ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਦੇ ਵਡੱਪਣ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।9   
     ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
     ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
     ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥10623
       ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਨ੍ਹਾਂ ਦਾ ਅਸਲ ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ ਧਨ ਦਾ ਹੀ ਵਪਾਰ ਕਰਦੇ ਹਨ। ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ, ਪ੍ਰਭੂ ਦਾ ਨਾਮ ਲਾਭ ਹੀ ਖੱਟਦੇ ਹਨ, ਨਾਮ ਧਨ ਨਾਲ ਭਰੇ ਹੋਏ ਉਨ੍ਹਾਂ ਦੇ ਖਜ਼ਾਨੇ ਕਦੇ ਮੁਕਦੇ ਨਹੀਂ ਹਨ। ਹੇ ਨਾਨਕ, ਇਹ ਖਜ਼ਾਨੇ ਦੇਣਹਾਰ ਦਾਤਾਰ ਨੇ ਆਪ ਉਨ੍ਹਾਂ ਨੂੰ ਦਿੱਤੇ ਹਨ, ਇਨ੍ਹਾਂ ਖਜ਼ਾਨਿਆਂ ਵਿਚ ਕਦੇ ਵੀ ਤੋਟ ਨਹੀਂ ਆਉਂਦੀ।10623
            ਚੰਦੀ ਅਮਰ ਜੀਤ ਸਿੰਘ     (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.