ਗੁਰਬਾਣੀ ਦੀ ਸਰਲ ਵਿਆਖਿਆ ਭਾਗ(215)
ਸਿਰੀਰਾਗੁ ਮਹਲਾ 3 ॥
ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥
ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥1॥
ਜੇ ਗੁਰੂ ਮਿਲ ਪਵੇ ਤਾਂ ਆਵਾ-ਗਵਣ ਦਾ ਗੇੜ ਮੁੱਕ ਜਾਂਦਾ ਹੈ, ਜਨਮ-ਮਰਨ ਵਾਲਾ ਦੁੱਖ ਦੂਰ ਹੋ ਜਾਂਦਾ ਹੈ। ਪੂਰੇ ਅਭੁੱਲ ਗੁਰੂ ਦੇ ਸ਼ਬਦ ਵਿਚ ਜੁੜਿਆਂ ਸਹੀ ਜੀਵਨ ਦੀ ਸਮਝ ਆ ਜਾਂਦੀ ਹੈ, ਗੁਰੂ ਦੀ ਸਰਨ ਪੈਣ ਵਾਲਾ ਮਨੁੱਖ, ਪਰਮਾਤਮਾ ਦੇ ਨਾਮ ਵਿਚ ਲੀਨ ਟਿਕਿਆ ਰਹਿੰਦਾ ਹੈ।1।
ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥
ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥1॥ ਰਹਾਉ ॥
ਹੇ ਮੇਰੇ ਮਨ, ਗੁਰੂ ਨਾਲ ਚਿੱਤ ਜੋੜ। ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਪਵਿੱਤ੍ਰ ਨਾਮ, ਸਦਾ ਨਵੇਂ ਆਨੰਦ ਵਾਲਾ ਲੱਗਦਾ ਹੈ, ਤੇ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ।1।ਰਹਾਉ।
ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥
ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥2॥
ਹੇ ਪ੍ਰਭੂ ਜੀ ਤੂੰ ਜੀਵਾਂ ਨੂੰ ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ ਜੀਵਾਂ ਨੂੰ ਰੱਖਦਾ ਹੈਂ ਓਸੇ ਵਿਚ ਉਹ ਰਹਿੰਦੇ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਮਨੁੱਖ, ਦੁਨੀਆ ਵਿਚ ਵਿਚਰਦਾ ਹੋਇਆ ਹੀ ਵਿਕਾਰਾਂ ਵਲੋਂ ਹਟਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।2।
ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥
ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥3॥
ਹੇ ਭਾਈ, ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜਿਆਂ, ਗੁਰੂ ਦੀ ਮੱਤ ਤੇ ਤੁਰਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਸਭ ਕੁਝ ਕਰਨ ਵਾਲਾ ਪ੍ਰਭੂ ਆਪ ਹੀ ਮਨ ਵਿਚ ਆ ਵੱਸਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।3।
ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥
ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥4॥
ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਨ੍ਹਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਇਆ ਦੇ ਬੰਧਨ ਵਿਚ ਬੰਨ੍ਹ ਕੇ ਜਨਮ-ਮਰਨ ਦੇ ਗੇੜ ਵਿਚ ਭਵਾਇਆ ਜਾਂਦਾ ਹੈ, ਉਹ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)