ਗੁਰਬਾਣੀ ਦੀ ਸਰਲ ਵਿਆਖਿਆ ਭਾਗ(218)
ਸਤਿਗੁਰ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥5॥
ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਪੱਲਾ ਨਾ ਫੜਿਆ, ਉਨ੍ਹਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ। ਉਹ ਜਮ ਦੇ ਦਰਵਾਜ਼ੇ ਤੇ ਬੱਧੇ, ਮਾਰੀ ਕੁਟੀਦੇ ਹਨ, ਕੋਈ ਉਨ੍ਹਾਂ ਦੀ ਕੂਕ-ਪੁਕਾਰ ਵੱਲ ਧਿਆਾਨ ਨਹੀਂ ਦੇਂਦਾ। ਉਨ੍ਹਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।5।
ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥
ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥
ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥6॥
ਜਿਹੜੇ ਮਨੁੱਖ, ਇਸ ਜਗਤ ਨੂੰ ਵਿਕਾਰਾਂ ਦੀ ਤਪਸ਼ ਵਿਚ ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸਰਨ ਜਾ ਪਏ, ਗੁਰੂ ਨੇ ਉਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ, ਉਨ੍ਹਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ ਸੋਹਣੀ ਜੀਵਨ ਮਰਯਾਦਾ ਵਿਚ ਰਹਣ ਦੀ ਜਾਚ ਸਿਖਾ ਦਿੱਤੀ। ਹੇ ਭਾਈ, ਗੁਰੂ ਸਦਾ ਕਾਇਮ ਰਹਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।6।
ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥
ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥
ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥7॥
ਜਿਹੜੇ ਗੁਰੂ ਦੀ ਸਰਨ ਤੋਂ ਵਾਞੇ ਰਹੇ, ਉਹ ਚੌਰਾਸੀ ਲੱਖ (ਅਣ-ਗਿਣਤ) ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ ਇਸ ਗੇੜ ਵਿਚੋਂ ਖਲਾਸੀ ਨਹੀਂ ਮਿਲਦੀ। ਪੰਡਿਤ ਲੋਕ ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ, ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖਲਾਸੀ ਪ੍ਰਾਪਤ ਨਾ ਕਰ ਸਕੇ, ਉਨ੍ਹਾਂ ਨੇ ਸਗੋਂ ਪ੍ਰਭੂ ਦੇ ਪਿਆਰ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ। ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ, ਉਸ ਨੂੰ ਨਿਸਚਾ ਹੋ ਗਿਆ ਕਿ ਸਦਾ-ਥਿਰ ਪਰਮਾਤਮਾ ਤੋਂ ਬਿਨਾ ਹੋਰ ਕੋਈ, ਜੀਵ ਦਾ ਰਾਖਾ ਨਹੀਂ ਹੈ ।7।
ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥
ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥
ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥8॥17॥8॥25॥
ਪਰ ਜੀਵਾਂ ਦੇ ਵੀ ਕੀ ਵੱਸ ਹੈ ? ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪਣੀ ਯਾਦ ਵਿਚ ਜੋੜਿਆ, ਉਹ ਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹ ਹੀ ਸਦਾ-ਥਿਰ ਨਾਲ ਨਿਭਣ ਵਾਲੀ ਕਾਰ ਕਰਦੇ ਹਨ। ਉਨ੍ਹਾਂ ਬੰਦਿਆਂ ਨੇ ਮਾਇਆ ਦੀ ਭਟਕਣਾ ਤੋਂ ਬਚ ਕੇ ਅੰਤ੍ਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ, ਸਦਾ-ਥਿਰ ਰਹਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ। ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਰਹਣ ਵਾਲੇ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ।8।17।8।25।
ਚੰਦੀ ਅਮਰ ਜੀਤ ਸਿੰਘ (ਚਲਦਾ)