ਗੁਰਬਾਣੀ ਦੀ ਸਰਲ ਵਿਆਖਿਆ ਭਾਗ(219)
ਸਿਰੀਰਾਗੁ ਮਹਲਾ 5 ॥
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥1॥
ਜਿਸ ਮਨੁੱਖ ਨੂੰ ਕੋਈ ਭਾਰੀ ਬਿਪਤਾ ਆ ਪਵੇ, ਜਿਸ ਤੋਂ ਬਚਣ ਲਈ, ਕੋਈ ਮਨੁੱਖ ਉਸ ਨੂੰ ਸਹਾਰਾ ਨਾ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ ਸੰਬੰਧੀ ਉਸ ਤੋਂ ਦੂਰ ਭੱਜ ਜਾਣ, ਉਸ ਦਾ ਹਰ ਤਰ੍ਹਾਂ ਦਾ ਆਸਰਾ ਖਤਮ ਹੋ ਜਾਵੇ, ਉਸ ਬਿਪਤਾ ਮਾਰੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਯਾਦ ਆ ਜਾਵੇ, ਤਾਂ ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।1।
(ਹਿਰਦੇ ਵਿਚ, ਜ਼ਬਾਨ ਤੇ ਨਹੀਂ)
ਸਾਹਿਬੁ ਨਿਤਾਣਿਆ ਕਾ ਤਾਣੁ ॥
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥ 1॥ ਰਹਾਉ ॥
ਮਾਲਕ ਪ੍ਰਭੂ, ਕਮਜ਼ੋਰਾਂ ਦਾ ਸਹਾਰਾ ਹੈ, ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਸਦਾ ਹੀ ਕਾਇਮ ਰਹਣ ਵਾਲਾ ਹੈ। ਹੇ ਭਾਈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ।1।ਰਹਾਉ।
ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥2॥
ਜੇ ਕੋਈ ਮਨੁੱਖ, ਏਨਾ ਕਮਜ਼ੋਰ ਹੋ ਜਾਵੇ ਕਿ ਭੁੱਖ ਨੰਗ ਦਾ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ, ਜੇ ਉਸ ਦੇ ਪੱਲੇ ਪੈਸਾ ਵੀ ਨਾ ਹੋਵੇ, ਕੋਈ ਮਨੁੱਖ ਉਸ ਨੂੰ ਧੀਰਜ ਨਾ ਦੇਵੇ, ਕੋਈ ਮਨੁੱਖ, ਉਸ ਦੀ ਲੋੜ-ਗਰਜ਼ ਪੂਰੀ ਨਾ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ੍ਹ ਸਕੇ, ਅਜਿਹੀ ਮਾੜੀ ਹਾਲਤ ਹੁੰਦਿਆਂ ਵੀ, ਜੇ ਉਸ ਦੇ ਚਿੱਤ ਵਿਚ ਪਰਮਾਤਮਾ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ, ਉਸ ਦੀ ਆਤਮਕ ਅਵਸਥਾ, ਅਜਿਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ, ਜਿਨ੍ਹਾਂ ਦਾ ਰਾਜ ਕਦੇ ਨਾ ਡੋਲੇ।2।
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥3॥
ਜਿਸ ਮਨੁੱਖ ਨੂੰ, ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗਾ ਰਹੇ, ਜਿਹੜਾ ਗ੍ਰਿਹਸਤ ਦੇ ਜੰਜਾਲ ਵਿਚ ਪਰਿਵਾਰ ਦੇ ਜੰਜਾਲ ਵਿਚ ਸਦਾ ਫਸਿਆ ਰਹੇ, ਜਿਸ ਨੂੰ ਕਦੇ ਕੋਈ ਖੁਸ਼ੀ ਹੈ ਤੇ ਕਦੇ ਕੋਈ ਗਮ ਘੇਰੀ ਰੱਖਦਾ ਹੈ, ਜਿਹੜਾ ਮਨੁੱਖ ਸਾਰੀ ਧਰਤੀ ਤੇ ਇਵੇਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਵੀ ਆਰਾਮ ਕਰਨਾ ਨਸੀਬ ਨਹੀਂ ਹੁੰਦਾ, ਪਰ ਜੇ ਪ੍ਰਭੂ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦਾ ਮਨ ਸੰਤੋਖ ਨਾਲ ਠੰਡਾ-ਠਾਰ ਹੋ ਜਾਂਦਾ ਹੈ।3।
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥ 4॥
ਜੇ ਕਿਸੇ ਮਨੁੱਖ ਨੂੰ ਕਾਮ ਨੇ, ਕ੍ਰੋਧ ਨੇ, ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸੂਮ ਦਾ ਪਿਆਰ ਸਦਾ ਲੋਭ ਨਾਲ ਹੀ ਹੋਵੇ, ਜੇ ਉਸ ਨੇ ਉਨ੍ਹਾਂ ਵਿਕਾਰਾਂ ਦੇ ਵੱਸ ਹੋ ਕੇ, ਚਾਰੇ ਹੀ ਉੱਘੇ ਪਾਪ-ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜਿਹਾ ਭੈੜਾ ਹੋ ਗਿਆ ਹੋਵੇ ਕਿ ਉਸ ਨੂੰ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸ ਨੇ ਕਦੇ ਕੋਈ ਧਰਮ-ਪੁਸਤਕ, ਕੋਈ ਧਰਮ-ਗੀਤ, ਕੋਈ ਧਾਰਮਿਕ ਕਵਿਤਾ ਸੁਣੀ ਹੀ ਨਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿੰਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ, ਇਨ੍ਹਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।4।
(ਪਖੰਡ ਅਤੇ ਦਿਲੋਂ ਕੀਤੇ ਸਿਮਰਨ ਦਾ ਫਰਕ ਤੁਸੀਂ ਵੇਖ ਹੀ ਰਹੇ ਹੋ, ਫਿਰ ਵੀ ਸਿੱਖਾਂ ਵਿਚ ਇਹ ਪਖੰਡ ਹੀ ਪਖੰਡ ਕਿਉਂ)
ਚੰਦੀ ਅਮਰ ਜੀਤ ਸਿੰਘ (ਚਲਦਾ)