ਗੁਰਬਾਣੀ ਦੀ ਸਰਲ ਵਿਆਖਿਆ ਭਾਗ(220)
ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥5॥
ਜੇ ਕੋਈ ਮਨੁੱਖ, ਚਾਰੇ ਵੇਦ, ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ ਉਚਾਰ ਕੇ ਵਿਚਾਰ ਸਕਦਾ ਹੋਵੇ, ਜੇ ਉਹ ਵਡੇ ਵਡੇ ਤਪੀਆਂ ਤੇ ਜੋਗੀਆਂ ਵਾਙ ਹਰੇਕ ਤੀਰਥ ਉੱਤੇ ਜਾਂਦਾ ਹੋਵੇ, ਜੇ ਉਹ ਤੀਰਥਾਂ ਉੱਤੇ ਇਸ਼ਨਾਨ ਕਰ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਵੇ ਤੇ ਮੰਨੇ-ਪਰਮੰਨੇ ਛੇ ਧਾਰਮਿਕ ਕੰਮਾਂ ਨਾਲੋਂ ਦੂਣੇ ਧਾਰਮਿਕ ਕਰਮ ਨਿੱਤ ਕਰਦਾ ਹੋਵੇ, ਪਰ ਜੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਉਸ ਦੇ ਅੰਦਰ ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ।5।
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥6॥
ਜੇ ਕਿਸੇ ਮਨੁੱਖ ਨੂੰ ਮੁਲਕਾਂ ਦੇ ਰਾਜ ਮਿਲੇ ਹੋਏ ਹੋਣ, ਬੇ-ਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ ਉਸ ਦੀਆਂ ਹਰ ਥਾਂ ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆਂ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ, ਜੇ ਉਸ ਦੇ ਕੋਲ ਸੋਹਣੇ ਸੁੰਦਰ ਬਾਗ ਹੋਣ, ਜੇ ਇਨ੍ਹਾਂ ਸਾਰੇ ਪਦਾਰਥਾਂ ਦੀ ਮਾਲਕੀ ਦੇ ਕਾਰਨ ਉਸ ਹੰਕਾਰੀ ਹੋਏ ਦਾ ਹੁਕਮ ਹਰ ਕੋਈ ਮੰਨਦਾ ਹੋਵੇ, ਜੇ ਉਹ ਦੁਨੀਆਂ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵੇਲੇ, ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾ ਆਇਆ ਹੋਵੇ, ਤਾਂ ਉਸ ਨੂੰ ਸੱਪ ਦੀ ਜੂਨ ਵਿਚ ਪਿਆ ਸਮਝੋ ।6।
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥7॥
ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਸੋਹਣੀ ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ-ਸੁਥਰੀ ਜੀਵਨ ਮਰਯਾਦਾ ਵਾਲਾ ਹੋਵੇ, ਜੇ ਉਸ ਦਾ ਆਪਣੇ ਮਾਂ-ਪਿਉ ਪੁਤ੍ਰਾਂ-ਭਰਾਵਾਂ ਤੇ ਸੱਜਣਾਂ-ਮਿਤ੍ਰਾਂ ਨਾਲ ਪ੍ਰੇਮ ਹੋਵੇ, ਜੇ ਤਰਕਸ਼ (ਕਮਾਨ) ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ ਜੀ ਜੀ ਆਖਦੀ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ ਆਖਰ ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ।7।
ਕਾਇਆ ਰੋਗੁ ਨ ਛਿਦ੍ਰ ਕਿਛੁ ਨਾ ਕਿਛੁ ਕਾੜਾ ਸੋਗੁ ॥
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥8॥
ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੀ ਕੋਈ ਰੋਗ ਨਾ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਈ ਹੋਵੇ, ਉਸ ਨੂੰ ਕਿਸੇ ਤਰ੍ਹਾਂ ਦਾ ਚਿੰਤਾ-ਫਿਕਰ ਨਾ ਹੋਵੇ, ਉਸ ਨੂੰ ਕਦੇ ਮੌਤ ਦਾ ਫਿਕਰ ਚੇਤੇ ਨਾ ਆਇਆ ਹੋਵੇ, ਉਹ ਦਿਨ-ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ, ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣਾ ਬਣਾ ਲਿਆ ਹੋਵੇ, ਕਦੇ ਉਸ ਦੇ ਚਿੱਤ ਵਿਚ ਆਪਣੀ ਮਲਕੀਅਤ ਬਾਰੇ ਕੋਈ ਸ਼ੰਕਾ ਨਾ ਉੱਠਿਆ ਹੋਵੇ, ਪਰ ਜੇ ਪਰਮਾਤਮਾ, ਉਸ ਦੇ ਚਿੱਤ ਵਿਚ ਕਦੀ ਨਹੀਂ ਆਇਆ, ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ।8।
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥9॥1॥26॥
ਜਿਸ ਵਡਭਾਗੇ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ-ਸੰਗ ਪ੍ਰਾਪਤ ਹੁੰਦਾ ਹੈ, ਤੇ ਇਹ ਇਕ ਕੁਦਰਤੀ ਨਿਯਮ ਹੈ ਕਿ ਜਿਉਂ ਜਿਉਂ ਉਹ ਸਤ-ਸੰਗ ਵਿਚ ਬੈਠਣਾ ਵਧਾਈ ਜਾਂਦਾ ਹੈ, ਤਿਉਂ ਤਿਉਂ ਪਰਮਾਤਮਾ ਨਾਲ ਪਿਆਰ ਵੀ ਵਧਦਾ ਜਾਂਦਾ ਹੈ। ਪਰ ਦੁਨੀਆ ਦਾ ਮੋਹ ਤੇ ਪ੍ਰਭੂ ਚਰਨਾਂ ਦਾ ਪਿਆਰ, ਇਨ੍ਹਾਂ ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ, ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਾਸਤੇ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
ਹੇ ਨਾਨਕ, ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ।9।1।26।
ਚੰਦੀ ਅਮਰ ਜੀਤ ਸਿੰਘ (ਚਲਦਾ)