ਗੁਰਬਾਣੀ ਦੀ ਸਰਲ ਵਿਆਖਿਆ ਭਾਗ(221)
ਸਿਰੀਰਾਗੁ ਮਹਲਾ 5 ਘਰੁ 5 ॥
ਜਾਨਉ ਨਹੀ ਭਾਵੈ ਕਵਨ ਬਾਤਾ ॥
ਮਨ ਖੋਜਿ ਮਾਰਗੁ ॥1॥ ਰਹਾਉ ॥
ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲਗਦੀ ਹੈ, ਹੇ ਮੇਰੇ ਮਨ, ਤੂੰ ਉਹ ਰਸਤਾ ਲੱਭ, ਜਿਸ ਉੱਤੇ ਤੁਰਿਆਂ ਪ੍ਰਭੂ ਖੁਸ਼ ਹੋ ਜਾਵੇ ।1।ਰਹਾਉ।
ਧਿਆਨੀ ਧਿਆਨੁ ਲਾਵਹਿ ॥
ਗਿਆਨੀ ਗਿਆਨੁ ਕਮਾਵਹਿ ॥
ਪ੍ਰਭੁ ਕਿਨ ਹੀ ਜਾਤਾ ॥1॥
ਸਮਾਧੀਆਂ ਲਾਣ ਵਾਲੇ ਲੋਕ, ਸਮਾਧੀਆਂ ਲਾਂਦੇ ਹਨ, ਵਿਦਵਾਨ ਲੋਕ, ਧਰਮ-ਚਰਚਾ ਕਰਦੇ ਹਨ, ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ, ਇਨ੍ਹਾਂ ਦੱਸੇ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ।1।
ਭਗਉਤੀ ਰਹਤ ਜੁਗਤਾ ॥
ਜੋਗੀ ਕਹਤ ਮੁਕਤਾ ॥
ਤਪਸੀ ਤਪਹਿ ਰਾਤਾ ॥2॥
ਭਗਉਤੀ , ਵਿਸ਼ਨੂੰ ਦੇ ਭਗਤ, ਵਰਤ, ਤੁਲਸੀ ਮਾਲਾ, ਤੀਰਥ-ਇਸ਼ਨਾਨ ਆਦਿ ਸੰਜਮਾਂ ਵਿਚ ਰਹਿੰਦੇ ਹਨ। ਜੋਗੀ ਆਖਦੇ ਹਨ, ਅਸੀਂ ਮੁਕਤ ਹੋ ਗਏ ਹਾਂ। ਤਪ ਕਰਨ ਵਾਲੇ ਸਾਧੂ, ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ ।2।
ਮੋਨੀ ਮੋਨਿਧਾਰੀ ॥
ਸਨਿਆਸੀ ਬ੍ਰਹਮਚਾਰੀ ॥
ਉਦਾਸੀ ਉਦਾਸਿ ਰਾਤਾ ॥3॥
ਮੋਨੀ, ਚੁੱਪ ਧਾਰੀ ਰੱਖਣ ਵਾਲੇ ਸਾਧੂ, ਚੁੱਪ ਵੱਟੀ ਰੱਖਦੇ ਹਨ। ਸੰਨਿਆਸੀ, ਸੰਨਿਆਸ ਵਿਚ, ਬ੍ਰਹਮਚਾਰੀ, ਬ੍ਰਹਮਚਰਜ ਵਿਚ , ਤੇ ਉਦਾਸੀ, ਉਦਾਸ ਭੇਖ ਵਿਚ ਮਸਤ ਰਹਿੰਦੇ ਹਨ ।3।
ਭਗਤਿ ਨਵੈ ਪਰਕਾਰਾ ॥
ਪੰਡਿਤੁ ਵੇਦੁ ਪੁਕਾਰਾ ॥
ਗਿਰਸਤੀ ਗਿਰਸਤਿ ਧਰਮਾਤਾ ॥4॥
ਕੋਈ ਆਖਦਾ ਹੈ ਕਿ ਭਗਤੀ ਨੌਂ ਤਰ੍ਹਾਂ ਦੀ ਹੈ। ਪੰਡਿਤ, ਵੇਦ ਉੱਚੀ ਉੱਚੀ ਪੜ੍ਹਦਾ ਹੈ। ਗ੍ਰਿਹਸਤੀ, ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ।4।
ਇਕ ਸਬਦੀ ਬਹੁ ਰੂਪਿ ਅਵਧੂਤਾ ॥
ਕਾਪੜੀ ਕਉਤੇ ਜਾਗੂਤਾ ॥
ਇਕਿ ਤੀਰਥਿ ਨਾਤਾ ॥5॥
ਅਨੇਕਾਂ ਐਸੇ ਹਨ, ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕਈ ਬਹੁ-ਰੂਪੀਏ ਹਨ, ਕਈ ਨਾਂਗੇ ਹਨ। ਕਈ ਖਾਸ ਕਿਸਮ ਦਾ ਚੋਲਾ ਆਦਿ ਪਹਿਨਣ ਵਾਲੇ ਹਨ। ਕਈ ਨਾਟਕ-ਚੇਟਕ ਸਾਂਗ ਆਦਿ ਬਣਾ ਕੇ, ਲੋਕਾਂ ਨੂੰ ਖੁਸ਼ ਕਰਦੇ ਹਨ, ਕਈ ਐਸੇ ਹਨ, ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ, ਕਈ ਐਸੇ ਹਨ ਜੋ ਤੀਰਥਾਂ ਤੇ ਇਸ਼ਨਾਨ ਕਰਦy ਹਨ।5।
ਨਿਰਹਾਰ ਵਰਤੀ ਆਪਰਸਾ ॥
ਇਕਿ ਲੂਕਿ ਨ ਦੇਵਹਿ ਦਰਸਾ ॥
ਇਕਿ ਮਨ ਹੀ ਗਿਆਤਾ ॥6॥
ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਸਰਿਆਂ ਨਾਲ ਛੂੰਹਦੇ ਨਹੀਂ ਹਨ, ਤਾਂ ਜੋ ਕਿਸੇ ਦੀ ਭਿੱਟ ਨਾ ਲਗ ਜਾਵੇ। ਅਨੇਕਾਂ ਐਸੇ ਹਨ ਜੋ ਗੁਫਾ ਆਦਿ ਵਿਚ ਲੁਕ ਕੇ ਰਹਿੰਦੇ ਹਨ ਤੇ ਕਿਸੇ ਦੇ ਮੱਥੇ ਨਹੀਂ ਲਗਦੇ। ਕਈ ਐਸੇ ਹਨ, ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ।6।
ਘਾਟਿ ਨ ਕਿਨ ਹੀ ਕਹਾਇਆ ॥
ਸਭ ਕਹਤੇ ਹੈ ਪਾਇਆ ॥
ਜਿਸੁ ਮੇਲੇ ਸੋ ਭਗਤਾ ॥7॥
ਇਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੇ-ਆਪ ਨੂੰ, ਕਿਸੇ ਦੂਸਰੇ ਨਾਲੋਂ ਘੱਟ ਨਹੀਂ ਅਖਵਾਇਆ। ਸਭ ਇਹੀ ਆਖਦੇ ਹਨ ਕਿ ਅਸਾਂ, ਪਰਮਾਤਮਾ ਨੂੰ ਲੱਭ ਲਿਆ ਹੈ। ਪਰ ਪਰਮਾਤਮਾ ਦਾ ਭਗਤ ਉਹੀ ਹੈ, ਜਿਸ ਨੂੰ ਪਰਮਾਤਮਾ ਨੇ ਆਪ, ਆਪਣੇ ਨਾਲ ਮੇਲ ਲਿਆ ਹੈ ।7।
ਸਗਲ ਉਕਤਿ ਉਪਾਵਾ ॥
ਤਿਆਗੀ ਸਰਨਿ ਪਾਵਾ ॥
ਨਾਨਕੁ ਗੁਰ ਚਰਣਿ ਪਰਾਤਾ ॥8॥2॥27॥
ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿੱਤੇ ਹਨ, ਤੇ ਗੁਰੂ ਦੀ ਹੀ ਸਰਨ ਪਿਆ ਹਾਂ। ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ।8।2।27।
ਚੰਦੀ ਅਮਰ ਜੀਤ ਸਿੰਘ (ਚਲਦਾ)