ਗੁਰਬਾਣੀ ਦੀ ਸਰਲ ਵਿਆਖਿਆ ਭਾਗ(222)
ਸਿਰੀਰਾਗੁ ਮਹਲਾ 1 ਘਰੁ 3 ॥
ੴਸਤਿ ਨਾਮੁ ਗੁਰ ਪ੍ਰਸਾਦਿ ॥
ਜੋਗੀ ਅੰਦਰਿ ਜੋਗੀਆ ॥ ਤੂੰ ਭੋਗੀ ਅੰਦਰਿ ਭੋਗੀਆ॥
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥1॥
ਹੇ ਪ੍ਰਭੂ, ਜੋਗੀਆਂ ਦੇ ਅੰਦਰ ਵਿਆਪਕ ਹੋ ਕੇ ਤੂੰ ਆਪ ਹੀ ਜੋਗ ਕਮਾ ਰਿਹਾ ਹੈਂ, ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਵੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ। ਸੁਰਗ ਲੋਕ ਵਿਚ, ਮਾਤ ਲੋਕ ਵਿਚ ਤੇ ਪਾਤਾਲ ਲੋਕ ਵਿਚ ਵੱਸਦੇ ਕਿਸੇ ਵੀ ਜੀਵ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ।1।
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥1॥ ਰਹਾਉ ॥
ਹੇ ਪ੍ਰਭੂ, ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਤੇਰੇ ਹੁਕਮ ਤੋਂ, ਤੇਰੀ ਰਜ਼ਾ ਤੋਂ, ਕੁਰਬਾਨ ਜਾਂਦਾ ਹਾਂ ਤੇਰੇ ਨਾਮ ਤੋਂ।1।ਰਹਾਉ।
ਤੁਧੁ ਸੰਸਾਰੁ ਉਪਾਇਆ ॥ ਸਿਰੇ ਸਿਰਿ ਧੰਧੇ ਲਾਇਆ ॥
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥2॥
ਹੇ ਪ੍ਰਭੂ, ਤੂੰ ਹੀ ਜਗਤ ਪੈਦਾ ਕੀਤਾ ਹੈ, ਹਰੇਕ ਜੀਵ ਦੇ ਸਿਰ ਉੱਤੇ, ਉਨ੍ਹਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ ਧੰਦਿਆਂ ਵਿਚ ਫਸਾਇਆ ਹੋਇਆ ਹੈ। ਤੂੰ ਕੁਦਰਤ ਰਚ ਕੇ, ਜਗਤ ਚੌਪੜ ਦੀਆਂ, ਜੀਵ-ਨਰਦਾਂ ਸੁੱਟ ਕੇ ਆਪ ਹੀ ਆਪਣੇ ਰਚੇ ਸੰਸਾਰ ਦੀ ਸੰਭਾਲ ਕਰ ਰਿਹਾ ਹੈਂ ।2।
ਪਰਗਟਿ ਪਾਹਾਰੈ ਜਾਪਦਾ ॥ ਸਭੁ ਨਾਵੈ ਨੋ ਪਰਤਾਪਦਾ ॥
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥3॥
ਹੇ ਭਾਈ, ਪਰਮਾਤਮਾ ਇਸ ਦਿਸਦੇ ਜਗਤ-ਪਸਾਰੇ ਵਿਚ ਵੱਸਦਾ ਦਿਸ ਰਿਹਾ ਹੈ। ਹਰੇਕ ਜੀਵ, ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ। ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਕਿਉਂ ਜੋ ਸਾਰਾ ਸੰਸਾਰ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ।3।
ਸਤਿਗੁਰ ਕਉ ਬਲਿ ਜਾਈਐ ॥ ਜਿਤੁ ਮਿਲਿਐ ਪਰਮ ਗਤਿ ਪਾਈਐ ॥
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥4॥
ਹੇ ਭਾਈ, ਗੁਰੂ ਤੋਂ ਕੁਰਬਾਨ ਹੋਣਾ ਚਾਹੀਦਾ ਹੈ, ਕਿਉਂ ਜੋ ਉਸ ਗੁਰੂ ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ। ਜਿਸ ਨਾਮ-ਪਦਾਰਥ ਨੂੰ ਦੇਵਤੇ, ਮਨੁੱਖ, ਮੋਨ-ਧਾਰੀ ਲੋਕ ਤਰਸਦੇ ਆ ਰਹੇ ਹਨ, ਉਸ ਪਦਾਰਥ ਬਾਰੇ ਗੁਰੂ ਨੇ ਸਮਝਾ ਦਿੱਤਾ ਹੈ ।4।
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5॥
ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹੀਦਾ ਹੈ ? ਸਤ-ਸੰਗਤ ਉਹ ਹੈ, ਜਿੱਥੇ ਸਿਰਫ ਪਰਮਾਤਮਾ ਦੇ ਨਾਮ, ਉਸ ਦੇ ਹੁਕਮ ਦੀ ਵਿਚਾਰ ਕੀਤੀ ਜਾਂਦੀ ਹੈ। ਹੇ ਨਾਨਕ, ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪਰਮਾਤਮਾ ਦਾ ਹੁਕਮ ਹੀ ਉਸ ਦਾ ਨਾਮ ਹੈ, ਸਤ-ਸੰਗਤ ਵਿਚ ਸਿਰਫ ਪਰਮਾਤਮਾ ਦੀ ਰਜ਼ਾ ਬਾਰੇ ਹੀ ਵਿਚਾਰ ਹੋਣੀ ਚਾਹੀਦੀ ਹੈ।5।
ਚੰਦੀ ਅਮਰ ਜੀਤ ਸਿੰਘ (ਚਲਦਾ)