ਗੁਰਬਾਣੀ ਦੀ ਸਰਲ ਵਿਆਖਿਆ ਭਾਗ(223)
ਇਹੁ ਜਗਤੁ ਭਰਮਿ ਭੁਲਾਇਆ ॥ ਆਪਹੁ ਤੁਧੁ ਖੁਆਇਆ ॥
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥6॥
ਇਹ ਸੰਸਾਰ, ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ। ਪਰ ਜੀਵਾਂ ਦੇ ਕੀ ਵੱਸ ? ਹੇ ਪ੍ਰਭੂ, ਤੂੰ ਆਪ ਹੀ ਜਗਤ ਨੂੰ ਆਪਣੇ-ਆਪ ਤੋਂ ਵਿਛੋੜਿਆ ਹੋਇਆ ਹੈ। ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਭਾਗ ਚੰਗੇ ਨਹੀਂ ਹਨ, ਉਨ੍ਹਾਂ ਨੂੰ ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ ਦੁੱਖ ਲਗਾ ਹੋਇਆ ਹੈ।6।
ਦੋਹਾਗਣੀ ਕਿਆ ਨੀਸਾਣੀਆ ॥ ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥7॥
ਮੰਦ-ਭਾਗਣ ਜੀਵ ਇਸਤ੍ਰੀਆਂ ਦੇ ਲੱਛਣ ਕੀ ਹਨ ? ਮੰਦ-ਭਾਗਣ ਜੀਵ-ਇਸਤ੍ਰੀਆਂ ਉਹ ਹਨ, ਜਿਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ। ਅਜਿਹੀਆਂ ਜੀਵ ਇਸਤ੍ਰੀਆਂ ਦੇ ਚੇਹਰੇ ਵੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਹਨ, ਉਨ੍ਹਾਂ ਦੀ ਜ਼ਿੰਦਗੀ ਰੂਪੀ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ।7।
ਸੋਹਾਗਣੀ ਕਿਆ ਕਰਮੁ ਕਮਾਇਆ ॥ ਪੂਰਬਿ ਲਿਖਿਆ ਫਲੁ ਪਾਇਆ ॥
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥8॥
ਜਿਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ, ਉਨ੍ਹਾਂ ਕਿਹੜਾ ਚੰਗਾ ਕੰਮ ਕੀਤਾ ਹੋਇਆ ਹੈ ? ਉਨ੍ਹਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਆਪ ਹੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ।8।
ਹੁਕਮੁ ਜਿਨਾ ਨੋ ਮਨਾਇਆ ॥ ਤਿਨ ਅੰਤਰਿ ਸਬਦੁ ਵਸਾਇਆ ॥
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥9॥
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ, ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ। ਉਹੀ ਜੀਵ-ਇਸਤ੍ਰੀਆਂ, ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ।9।
ਜਿਨਾ ਭਾਣੇ ਕਾ ਰਸੁ ਆਇਆ ॥ ਤਿਨ ਵਿਚਹੁ ਭਰਮੁ ਚੁਕਾਇਆ ॥
ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥10॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ, ਪਰ ਇਹ ਮਿਹਰ ਗੁਰੂ ਦੀ ਹੀ ਹੈ।
ਹੇ ਨਾਨਕ, ਗੁਰੂ ਅਜਿਹਾ ਦਿਆਲੂ ਹੈ ਕਿ ਉਹ ਸਰਨ ਆਏ ਸਭ ਜੀਵਾਂ ਨੂੰ ਪ੍ਰਭੂ ਚਰਨਾਂ ਨਾਲ ਮਿਲਾ ਦੇਂਦਾ ਹੈ।10।
ਸਤਿਗੁਰਿ ਮਿਲਿਐ ਫਲੁ ਪਾਇਆ ॥ ਜਿਨਿ ਵਿਚਹੁ ਅਹਕਰਣੁ ਚੁਕਾਇਆ ॥
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥11॥
ਜਿਸ ਮਨੁੱਖ ਨੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਲਿਆ, ਉਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ। ਉਸ ਮਨੁੱਖ ਦੇ ਅੰਦਰੌਂ ਭੈੜੀ ਮੱਤ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤਲਾ ਭਾਗ ਜਾਗ ਪੈਂਦਾ ਹੈ।11।
ਅੰਮ੍ਰਿਤੁ ਤੇਰੀ ਬਾਣੀਆ ॥ ਤੇਰਿਆ ਭਗਤਾ ਰਿਦੈ ਸਮਾਣੀਆ ॥
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥12॥
ਹੇ ਪ੍ਰਭੂ, ਤੇਰੀ ਸਿਫਤ-ਸਾਲਾਹ ਦੀ ਬਾਣੀ ਮਾਨੋ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ ਹਰ ਵੇਲੇ ਟਿਕੀ ਰਹਿੰਦੀ ਹੈ। ਤੇਰੀ ਸੁਖਦਾਈ ਸੇਵਾ-ਭਗਤੀ, ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਨ੍ਹਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਨ੍ਹਾਂ ਨੂੰ ਪਾਰ ਲੰਘਾ ਲੈਂਦਾ ਹੈਂ।12।
ਚੰਦੀ ਅਮਰ ਜੀਤ ਸਿੰਘ (ਚਲਦਾ)