ਗੁਰਬਾਣੀ ਦੀ ਸਰਲ ਵਿਆਖਿਆ ਭਾਗ(224)
ਸਤਿਗੁਰੁ ਮਿਲਿਆ ਜਾਣੀਐ ॥ ਜਿਤੁ ਮਿਲਿਐ ਨਾਮੁ ਵਖਾਣੀਐ ॥
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥13॥
ਤਦੋਂ ਕਿਸੇ ਵਡਭਾਗੀ ਨੂੰ ਗੁਰੂ ਮਿਲਿਆ ਸਮਝਣਾ ਚਾਹੀਦਾ ਹੈ, ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਵੇ। ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਗੁਰੂ ਦਾ ਆਸਰਾ ਛੱਡ ਕੇ ਸਾਰੀ ਦੁਨੀਆ ਤੀਰਥ-ਵਰਤ ਆਦਿ ਹੋਰ ਹੋਰ ਮਿਥੇ ਹੋਏ ਧਾਰਮਿਕ ਕੰਮ ਕਰ ਕੇ ਖਪ ਜਾਂਦੀ ਹੈ।13[
ਹਉ ਸਤਿਗੁਰ ਵਿਟਹੁ ਘੁਮਾਇਆ ॥ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥14॥
ਮੈਂ ਤਾਂ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ ਰਾਹ ਤੇ ਪਾਇਆ ਹੈ। ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ ਪ੍ਰਭੂ ਚਰਨਾਂ ਵਿਚ ਜੋੜ ਦੇਂਦਾ ਹੈ।14।
ਤੂੰ ਸਭਨਾ ਮਾਹਿ ਸਮਾਇਆ ॥ ਤਿਨਿ ਕਰਤੈ ਆਪੁ ਲੁਕਾਇਆ ॥
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥15॥
ਹੇ ਪ੍ਰਭੂ ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ। ਹੇ ਭਾਈ, ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਵੀ ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਹੇ ਨਾਨਕ, ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ।15।
ਆਪੇ ਖਸਮਿ ਨਿਵਾਜਿਆ ॥ ਜੀਉ ਪਿੰਡੁ ਦੇ ਸਾਜਿਆ ॥
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥16॥
ਖਸਮ ਪ੍ਰਭੂ ਨੇ ਆਪਣੇ ਸੇਵਕ ਨੂੰ ਆਪ ਹੀ ਵਡਿਆਈ ਦਿੱਤੀ ਹੈ, ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ। ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ।16।
ਸਭਿ ਸੰਜਮ ਰਹੇ ਸਿਆਣਪਾ ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥17॥
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ, ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ। ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ। ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ।17।
ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥18॥
ਪ੍ਰਭੂ ਨੇ ਨਾ ਮੇਰੇ ਗੁਣਾਂ ਦਾ ਖਿਆਲ ਕੀਤਾ ਹੈ, ਨਾ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ, ਪ੍ਰਭੂ ਨੇ ਤਾਂ ਸਿਰਫ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ। ਉਸ ਨੇ ਮੈਨੂੰ ਆਪਣੇ ਗੱਲ ਨਾਲ ਲਾ ਕੇ ਵਿਕਾਰਾਂ ਵਲੋਂ ਬਚਾ ਲਿਆ ਹੈ, ਕੋਈ ਦੁੱਖ- ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ।18।
ਚੰਦੀ ਅਮਰ ਜੀਤ ਸਿੰਘ (ਚਲਦਾ)