ਗੁਰਬਾਣੀ ਦੀ ਸਰਲ ਵਿਆਖਿਆ ਭਾਗ(225)
ਮੈ ਮਨਿ ਤਨਿ ਪ੍ਰਭੂ ਧਿਆਇਆ ॥ ਜੀਇ ਇਛਿਅੜਾ ਫਲੁ ਪਾਇਆ ॥
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥19॥
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ, ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ। ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਮਨ ਵਿਚ ਇੱਛਾ ਕਰਿਆ ਕਰਦਾ ਸੀ। ਹੇ ਪ੍ਰਭੂ, ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਪਾਤਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ, ਵਡਭਾਗੀ ਮਨੁੱਖ, ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।19।
ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥20॥
ਹੇ ਪ੍ਰਭੂ, ਤੂੰ ਆਪਣੇ-ਆਪ ਨੂੰ ਜਗਤ ਰੂਪ ਵਿਚ ਆਪ ਹੀ ਪ੍ਰਗਟ ਕੀਤਾ ਹੈ, ਇਹ ਤੈਥੋਂ ਵੱਖਰਾ ਦਿਸਦਾ, ਮਾਇਆ ਦਾ ਜਗਤ-ਤਮਾਸ਼ਾ, ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ। ਹੇ ਭਾਈ, ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ।ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਭੇਤ ਸਮਝਾ ਦੇਂਦਾ ਹੈ।20।
ਗੁਰ ਪਰਸਾਦੀ ਪਾਇਆ ॥ ਤਿਥੈ ਮਾਇਆ ਮੋਹੁ ਚੁਕਾਇਆ ॥
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥21॥
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਤ ਪਾ ਲਿਆ ਹੈ, ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਪਰਮਾਤਮਾ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ।21।
ਗੋਪੀ ਨੈ ਗੋਆਲੀਆ ॥ ਤੁਧੁ ਆਪੇ ਗੋਇ ਉਠਾਲੀਆ ॥
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥22॥
ਹੇ ਪ੍ਰਭੂ ਤੂੰ ਹੀ ਗੋਕਲ ਦੀ ਗੋਪੀ ਹੈਂ, ਤੂੰ ਆਪ ਹੀ ਜਮਨਾ ਨਦੀ ਹੈਂ, ਤੂੰ ਆਪ ਹੀ ਗੋਕਲ ਦਾ ਗੁਆਲਾ ਹੈਂ। ਤੂੰ ਆਪ ਹੀ ਕ੍ਰਿਸ਼ਨ-ਰੂਪ ਹੋ ਕੇ ਧਰਤੀ, (ਗੋਵਰਧਨ-ਪਰਬਤ) ਚੁੱਕੀ ਸੀ। ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ, ਤੂੰ ਆਪ ਹੀ ਪੈਦਾ ਕਰਦਾ ਹੈਂ ।22।
ਜਿਨ ਸਤਿਗੁਰ ਸਿਉ ਚਿਤੁ ਲਾਇਆ ॥ ਤਿਨੀ ਦੂਜਾ ਭਾਉ ਚੁਕਾਇਆ ॥
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥23॥
ਜਿਨ੍ਹਾਂ ਵਡਭਾਗੀ ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ, ਉਨ੍ਹਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ। ਉਨ੍ਹਾਂ ਬੰਦਿਆਂ ਦੀ ਆਤਮਕ ਜੋਤ ਪਵਿੱਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ ਜਗਤ ਤੋਂ ਜਾਂਦੇ ਹਨ।23।
ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥24॥1॥
ਹੇ ਪ੍ਰਭੂ ਤੇਰੇ ਸਦਾ ਕਾਇਮ ਰਹਣ ਵਾਲੇ ਗੁਣ, ਤੇਰੀ ਮਿਹਰ ਨਾਲ ਮੈਂ ਦਿਨੇ-ਰਾਤ ਸਲਾਹੁੰਦਾ ਹਾਂ। ਹੇ ਨਾਨਕ ਆਖ, ਪ੍ਰਭੂ ਜੀਵਾਂ ਦੇ ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖਸ਼ਣ ਵਾਲਾ ਹੈ। ਹੇ ਭਾਈ, ਉਸ ਸਦਾ-ਥਿਰ ਰਹਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ ।24।1।
ਚੰਦੀ ਅਮਰ ਜੀਤ ਸਿੰਘ (ਚਲਦਾ)