ਗੁਰਬਾਣੀ ਦੀ ਸਰਲ ਵਿਆਖਿਆ ਭਾਗ(226) (73)
ਸਿਰੀਰਾਗੁ ਮਹਲਾ 5 ॥
ਪੈ ਪਾਇ ਮਨਾਈ ਸੋਇ ਜੀਉ॥
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥1॥ ਰਹਾਉ ॥
ਹੇ ਭਾਈ, ਮੈਂ ਗੁਰੂ ਦੀ ਚਰਨੀਂ ਲੱਗ ਕੇ, ਉਸ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ। ਗੁਰੂ-ਪੁਰਖ ਨੇ ਮੈਨੂੰ ਪਰਮਾਤਮਾ ਮਿਲਾਇਆ ਹੈ। ਹੁਣ ਮੈਨੂੰ ਸਮਝ ਆਈ ਹੈ ਕਿ ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1।ਰਹਾਉ।
ਗੋਸਾਈ ਮਿਹੰਡਾ ਇਠੜਾ ॥ ਅੰਮ ਅਬੇ ਥਾਵਹੁ ਮਿਠੜਾ ॥
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥1॥
ਸ੍ਰਿਸ਼ਟੀ ਦਾ ਮਾਲਕ ਮੇਰਾ ਪ੍ਰਭੂ ਬਹੁਤ ਪਿਆਰਾ ਹੈ, ਮੈਨੂੰ ਆਪਣੇ ਮਾਂ-ਪਿਉ ਨਾਲੋਂ ਵੀ ਵੱਧ ਮਿੱਠਾ ਲੱਗ ਰਿਹਾ ਹੈ। ਹੇ ਪ੍ਰਭੂ, ਭੈਣ-ਭਰਾ ਤੇ ਹੋਰ ਸਾਰੇ ਸਾਕ-ਸੈਣ ਮੈਂ ਵੇਖ ਲਏ ਹਨ, ਤੇਰੇ ਬਰਾਬਰ ਦਾ ਹੋਰ ਕੋਈ ਪਿਆਰ ਕਰਨ ਵਾਲਾ ਨਹੀਂ ਹੈ।1।
ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ ਜੋਆਇਆ ॥
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥2॥
ਹੇ ਪ੍ਰਭੂ ਤੇਰੇ ਹੁਕਮ ਵਿਚ ਹੀ ਗੁਰੂ ਦਾ ਮਿਲਾਪ ਹੋਇਆ, ਮਾਨੋ ਮੇਰੇ ਵਾਸਤੇ ਸਾਵਣ ਦਾ ਮਹੀਨਾ ਆ ਗਿਆ, ਗੁਰੂ ਦੀ ਕਿਰਪਾ ਨਾਲ ਮੈਂ ਉੱਚ ਆਚਰਣ ਬਨਾਣ ਦਾ ਹਲ ਜੋੜ ਦਿੱਤਾ। ਮੈਂ ਇਹ ਆਸ ਕਰ ਕੇ ਤੇਰਾ ਨਾਮ, ਆਪਣੇ ਹਿਰਦੇ-ਖੇਤ ਵਿਚ ਬੀਜਣ ਲੱਗ ਪਿਆ ਕਿ ਤੇਰੀ ਬਖਸ਼ਿਸ਼ ਦਾ ਬੋਹਲ ਇਕੱਠਾ ਹੋ ਜਾਵੇਗਾ।2।
ਹਉ ਗੁਰ ਮਿਲਿ ਇਕੁ ਪਛਾਣਦਾ ॥ ਦੁਯਾ ਕਾਗਲੁ ਚਿਤਿ ਨ ਜਾਣਦਾ ॥
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥3॥
ਹੇ ਪ੍ਰਭੂ, ਗੁਰੂ ਨੂੰ ਮਿਲ ਕੇ ਮੈਂ ਸਿਰਫ ਤੇਰੇ ਨਾਲ ਸਾਂਝ ਪਾਈ ਹੈ, ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ, ਲਿਖਣਾ ਨਹੀਂ ਜਾਣਦਾ। ਹੇ ਹਰੀ, ਤੂੰ ਮੈਨੂੰ ਆਪਣਾ ਨਾਮ ਸਿਮਰਨ ਦੀ ਹੀ ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਹੀ ਸਿਰੇ ਚਾੜ੍ਹ।3।
ਤੁਸੀ ਭੋਗਿਹੁ ਭੁੰਚਹੁ ਭਾਈਹੋ ॥ ਗੁਰਿ ਦੀਬਾਣਿ ਕਵਾਇ ਪੈਨਾਈਓ ॥
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥4॥
ਹੇ ਮੇਰੇ ਸਤ-ਸੰਗੀ ਭਰਾਵੋ, ਤੁਸੀਂ ਵੀ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ-ਰਸ ਮਾਣੋ। ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਰੋਪਾ ਪਹਿਨਾ ਦਿੱਤਾ ਹੈ, ਆਦਰ ਦਿਵਾ ਦਿੱਤਾ ਹੈ, ਕਿਉਂਕਿ ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ,ਗੁਰੂ ਦੀ ਮਿਹਰ ਨਾਲ ਮੈਂ ਕਾਮਾਦਿਕ ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ।4।
ਹਉ ਆਇਆ ਸਾਮ੍Y ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥5॥
ਹੇ ਨਾਨਕ ਆਖ, ਹੇ ਮੇਰੇ ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ। ਤੇਰੀ ਮਿਹਰ ਨਾਲ ਪੰਜੇ ਗਿਆਨ ਇੰਦ੍ਰੇ, ਕਿਸਾਨ ਮੇਰੇ ਮੁਜਾਰੇ ਬਣ ਗਏ ਹਨ, ਮੇਰੇ ਕਹੇ ਵਿਚ ਤੁਰਦੇ ਹਨ। ਕੋਈ ਗਿਆਨ ਇੰਦ੍ਰਾ, ਕਿਸਾਨ ਮੈਥੋਂ ਆਕੀ ਹੋ ਕੇ ਸਿਰ ਨਹੀਂ ਚੁਕ ਸਕਦਾ। ਹੁਣ ਮੇਰਾ ਸਰੀਰ-ਨਗਰ ਭਲੇ ਗੁਣਾਂ ਦੀ ਸੰਘਣੀ ਵਸੋਂ ਨਾਲ ਵੱਸ ਗਿਆ ਹੈ।5।
ਹਉ ਵਾਰੀ ਘੁੰਮਾ ਜਾਵਦਾ ॥ ਇਕ ਸਾਹਾ ਤੁਧੁ ਧਿਆਇਦਾ ॥
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥6॥
ਹੇ ਮੇਰੇ ਸ਼ਾਹ ਪ੍ਰਭੂ, ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ ਸਿਰਫ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। ਹੇ ਮੇਰੇ ਸ਼ਾਹ-ਪ੍ਰਭੂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਮੇਰਾ ਉੱਜੜਿਆ ਹੋਇਆ ਥੇਹ, ਬਰਬਾਦ ਹੋਇਆ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ।6।
ਹਰਿ ਇਠੈ ਨਿਤ ਧਿਆਇਦਾ ॥ ਮਨਿ ਚਿੰਦੀ ਸੋ ਫਲੁ ਪਾਇਦਾ ॥
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥7॥
ਹੇ ਭਾਈ, ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ, ਆਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਹਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ। ਉਸ ਪ੍ਰਭੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ।7।
ਚੰਦੀ ਅਮਰ ਜੀਤ ਸਿੰਘ (ਚਲਦਾ)