ਗੁਰਬਾਣੀ ਦੀ ਸਰਲ ਵਿਆਖਿਆ ਭਾਗ(227)
ਮੈ ਛਡਿਆ ਸਭੋ ਧੰਧੜਾ ॥ ਗੋਸਾਈ ਸੇਵੀ ਸਚੜਾ ॥
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥8॥
ਹੇ ਭਾਈ ਸਿਮਰਨ ਦੀ ਬਰਕਤ ਨਾਲ, ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ। ਮੈਂ ਸਦਾ-ਥਿਰ ਰਹਣ ਵਾਲੇ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ। ਹੁਣ ਪਰਮਾਤਮਾ ਦਾ ਨਾਮ-ਖਜ਼ਾਨਾ ਹੀ ਮੇਰੇ ਵਾਸਤੇ ਜਗਤ ਦੇ ਨੌਂ ਖਜ਼ਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ ਹਿਰਦੇ ਦੇ ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ।8।
ਮੈ ਸੁਖੀ ਹੂੰ ਸੁਖੁ ਪਾਇਆ ॥ ਗੁਰਿ ਅੰਤਰਿ ਸਬਦੁ ਵਸਾਇਆ ॥
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥9॥
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫਤ ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ, ਉਸ ਦੀ ਬਰਕਤ ਨਾਲ ਮੈਂ ਦੁਨੀਆ ਦੇ ਸਾਰੇ ਸੁੱਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ। ਗੁਰੂ-ਪੁਰਖ (ਕਰਤਾ-ਪੁਰਖ ਵਾਙ ਸ਼ਬਦ ਪੁਰਖ) ਨੇ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ।9।
ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥10॥
ਗੁਰੂ ਦੇ ਸਿੱਖਾਂ, ਸੰਤ-ਜਨਾਂ ਨੂੰ ਮੈਂ ਜਤਨ ਨਾਲ ਲੱਭ ਕੇ ਮਿਲਦਾ ਹਾਂ। ਉਨ੍ਹਾਂ ਦੀ ਸੰਗਤ ਵਿਚ ਬੈਠਣ ਦੀ ਮੈਂ ਧਰਮ-ਸਾਲ ਬਣਾਈ ਹੈ, ਜਿੱਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ। ਜਿਹੜਾ ਗੁਰਸਿੱਖ ਮਿਲ ਪਵੇ, ਮੈਂ ਉਸ ਦੀ ਲੋੜ-ਅਨੁਸਾਰ ਸੇਵਾ ਕਰਦਾ ਹਾਂ, ਮੈਂ ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੇ ਪੈਰੀਂ ਲੱਗਦਾ ਹਾਂ।10।
ਸੁਣਿ ਗਲਾ ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥11॥
ਹੇ ਨਾਨਕ, ਗੁਰੂ ਜਿਸ-ਜਿਸ ਨੂੰ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ, ਇਹ ਗੱਲਾਂ ਸੁਣ ਕੇ ਮੈਂ ਵੀ ਗੁਰੂ ਦੇ ਕੋਲ ਆ ਗਿਆ ਹਾਂ, ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾ ਨੂੰ ਸਿਮਰਨ ਵੱਲ ਪ੍ਰੇਰਨਾ, ਪਵੱਤ੍ਰ ਜੀਵਨ ਬਨਾਣਾ, ਇਹੀ ਹੈ ਸਹੀ ਜੀਵਨ ਰਸਤਾ।11।
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥12॥
ਹੇ ਪ੍ਰਭੂ, ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ, ਤੂੰ ਹਰੇਕ ਜੀਵ ਦੀ ਅਰਦਾਸ ਧਿਆਨ ਨਾਲ ਸੁਣਦਾ ਹੈਂ। ਹੇ ਭਾਈ, ਮੈਂ ਸਾਰੀ ਲੋਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ, ਜਿਨ੍ਹਾਂ-ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ, ਪ੍ਰਭੂ ਨੇ ਆਪ ਹੀ ਖੁਸ਼ ਹੋ ਕੇ ਛੁਡਾਇਆ ਹੈ।12।
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ 13॥
ਜਿਸ-ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ ਹੈ, ਉਹ ਸਾਰੀ ਲੁਕਾਈ ਅੰਤਰ-ਆਤਮੇ, ਆਤਮਕ ਆਨੰਦ ਵਿਚ ਵੱਸ ਰਹੀ ਹੈ, ਹਰੇਕ ਦੇ ਅੰਦਰ ਨਿਮ੍ਰਤਾ ਦਾ ਹੀ ਰਾਜ ਹੋ ਗਿਆ ਹੈ। ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਵੀ ਕਾਮਾਦਿਕ ਵਿਕਾਰ, ਕਿਸੇ ਵੀ ਸਰਨ ਆਏ ਨੂੰ ਦੁਖੀ ਨਹੀਂ ਕਰ ਸਕਦਾ।13।
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥14॥
ਹੇ ਪ੍ਰਭੂ, ਹੇ ਮੇਰੇ ਸਾਈਂ, ਮੈਂ ਵੀ ਤੇਰੀ ਹੀੇ ਪ੍ਰੇਰਨਾ ਨਾਲ, ਤੇਰੀ ਸਿਫਤ-ਸਾਲਾਹ ਦੇ ਬੋਲ, ਬੋਲ ਰਿਹਾ ਹਾਂ, ਆਤਮਕ ਅਡੋਲਤਾ ਪੈਦਾ ਕਰ ਕੇ ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ। ਮੈਂ ਤੇਰੇ ਉੱਤੇ ਹੀ ਮਾਣ ਕਰਦਾ ਆਇਆ ਹਾਂ, ਮੈਨੂੰ ਨਿਸਚਾ ਹੈ ਕਿ ਤੂੰ ਆਪ ਹੀ ਮੈਨੂੰ ਕਬੂਲ ਕਰ ਲਵੇਂਗਾ।14।
ਚੰਦੀ ਅਮਰ ਜੀਤ ਸਿੰਘ (ਚਲਦਾ)