ਗੁਰਬਾਣੀ ਦੀ ਸਰਲ ਵਿਆਖਿਆ ਭਾਗ(228)
ਤੇਰਿਆ ਭਗਤਾ ਭੁਖ ਸਦ ਤੇਰੀਆ ॥ ਹਰਿ ਲੋਚਾ ਪੂਰਨ ਮੇਰੀਆ ॥
ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ ॥15॥
ਹੇ ਪ੍ਰਭੂ, ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸ਼ਨ ਦੀ ਭੁੱਖ ਲੱਗੀ ਰਹਿੰਦੀ ਹੈ। ਹੇ ਹਰੀ, ਮੇਰੀ ਵੀ ਇਹ ਤਾਂਘ ਪੂਰੀ ਕਰ। ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ, ਮੈਨੂੰ ਆਪਣਾ ਦਰਸ਼ਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ।15।
ਤੁਧੁ ਜੇਵਡੁ ਅਵਰੁ ਨ ਭਾਲਿਆ ॥ ਤੂੰ ਦੀਪ ਲੋਅ ਪਇਆਲਿਆ ॥
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥16॥
ਹੇ ਪ੍ਰਭੂ ਤੂੰ ਸਾਰੇ ਦੇਸਾਂ ਵਿਚ, ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ। ਤੇਰੇ ਬਰਾਬਰ ਦਾ ਕੋਈ ਹੋਰ ਕਿਤੇ ਵੀ ਨਹੀਂ ਲੱਭਦਾ। ਹੇ ਪ੍ਰਭੂ, ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ, ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ ਜੀਵਨ ਲਈ ਸਹਾਰਾ ਹੈ।16।
ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥17॥
ਮੈਂ ਮਾਲਕ ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਹਾਂ, ਪਰ ਗੁਰੂ ਨੂੰ, ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ। ਜਗਤ ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ ਇਸ ਅਖਾੜੇ ਨੂੰ ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ।17
ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥18॥
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ, ਸਾਰੇ ਜੀਵ ਮਾਇਆ ਵਾਲੀ ਦੌੜ-ਭੱਜ ਕਰ ਰਹੇ ਹਨ, ਪਹਿਲਵਾਨ ਆ ਇਕੱਠੇ ਹੋਏ ਹਨ, ਜਗਤ ਅਕਾੜੇ ਵਿਚ ਪਿੜ ਦੇ ਦੁਆਲੇ ਫੇਰੀਆਂ ਲੈ ਰਹੇ ਹਨ। ਮੇਰੀ ਪਿੱਠ ਉੱਤੇ ਮੇਰੇ ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ ਵਿਰੋਧੀ ਪੰਜੇ ਕਾਮਾਦਿਕ ਜੁਆਨ ਕਾਬੂ ਕਰ ਲਏ।18।
ਸਭ ਇਕਠੇ ਹੋਇ ਆਇਆ ॥ ਘਰਿ ਜਾਸਨਿ ਵਾਟ ਵਟਾਇਆ ॥
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥19॥
ਸਾਰੇ ਨਰ-ਨਾਰ ਮਨੁੱਖਾ ਜਨਮ ਲੈ ਕੇ ਆਏ ਹਨ, ਪਰ ਏਥੇ ਆਪੋ-ਆਪਣੇ ਕੀਤੇ ਕਰਮਾਂ ਅਨੁਸਾਰ ਪਰਲੋਕ-ਘਰ ਵਿਚ ਵੱਖ-ਵੱਖ ਜੂਨਾਂ ਵਿਚ ਪੈ ਕੇ ਜਾਣਗੇ। ਜੇਹੜੇ ਮਨੁੱਖ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਏਥੋਂ, ਹਰਿ-ਨਾਮ ਦਾ ਲਾਹਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਪਹਿਲੀ ਰਾਸ-ਪੂੰਜੀ ਵੀ ਗਵਾ ਜਾਂਦੇ ਹਨ, ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ।19।
ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥20॥
ਹੇ ਪ੍ਰਭੂ, ਤੇਰਾ ਨਾ ਕੋਈ ਖਾਸ ਰੰਗ ਹੈ ਤੇ ਨਾ ਕੋਈ ਖਾਸ ਚਿਹਨ-ਚੱਕਰ ਹਨ, ਫਿਰ ਵੀ ਹੇ ਹਰੀ, ਤੂੰ ਸਾਰੇ ਜਗਤ ਵਿਚ ਪ੍ਰਤੱਖ ਦਿਸਦਾ ਹੈਂ। ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫਤਾਂ ਸੁਣ-ਸੁਣ ਕੇ ਤੈਨੂੰ ਸਿਮਰਦੇ ਹਨ। ਤੂੰ ਗੁਣਾਂ ਦਾ ਖਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।20।
ਮੈ ਜੁਗਿ ਜੁਗਿ ਦਯੈ ਸੇਵੜੀ ॥ ਗੁਰਿ ਕਟੀ ਮਿਹਡੀ ਜੇਵੜੀ ॥
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥21॥2॥29॥
ਹੇ ਨਾਨਕ ਆਖ, ਗੁਰੂ ਨੇ ਮੇਰੀ, ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ, ਤੇ ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ-ਭਗਤੀ ਕਰਦਾ ਰਹਿੰਦਾ ਹਾਂ। ਗੁਰੂ ਦੀ ਕਿਰਪਾ ਨਾਲ ਲੱਭ ਕੇ ਮੈਂ ਸਿਮਰਨ-ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ, ਹੁਣ ਮੈਂ ਮੁੜ-ਮੁੜ ਇਸ ਜਗਤ ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ।21।2।29।
ਚੰਦੀ ਅਮਰ ਜੀਤ ਸਿੰਘ (ਚਲਦਾ)