ਗੁਰਮਤਿ ਵਿਆਖਿਆ (ਭਾਗ ਨੌਵਾਂ)
ਗੁਰਬਾਣੀ ਦਰਸ਼ਨ !
(ਗੁਰਬਾਣੀ ਦਾ ਫਲਸਫਾ)
(ਗੁਰਮਤਿ ਸਿਧਾਂਤ)
ਅਸੰਖ ਨਾਵ ਅਸੰਖ ਥਾਵ ॥
ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥
ਅਖਰੀ ਨਾਮ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥
ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥
ਕੁਦਰਤ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥
ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥
ਹੇ ਵਾਹਿਗੁਰੂ , ਤੇਰੀ ਕੁਦਰਤ ਵਿਚਲੇ ਜੀਵਾਂ , ਪਦਾਰਥਾਂ ਦੇ ਅਸੰਖਾਂ ਹੀ ਨਾਮ ਹਨ , ਉਨ੍ਹਾਂ ਦੇ ਰਹਣ ਦੇ ਅਨੇਕਾਂ
ਹੀ ਥਾਂ-ਟਿਕਾਣੇ ਹਨ । ਤੇਰੀ ਕੁਦਰਤ ਵਿਚ ਅਨੇਕਾਂ ਹੀ ਭਵਨ , ਪੁਰੀਆਂ , ਗ੍ਰਹ ਹਨ , ਜਿਨ੍ਹਾਂ ਤਕ ਬੰਦੇ ਦੀ ਪਹੁੰਚ ਹੋਣੀ ਸੰਭਵ ਹੀ ਨਹੀਂ ਹੈ । ਅਜਿਹੀ ਹਾਲਤ ਵਿਚ ਜੇ ਕੋਈ ਬੰਦਾ , ਉਨ੍ਹਾਂ ਦੀ ਗਿਣਤੀ ਬਾਰੇ , ਲਫਜ਼ ਅਸੰਖਾਂ ਵੀ ਵਰਤਦਾ ਹੈ , ਤਾਂ ਉਸ ਦੇ ਸਿਰ ਤੇ ਭਾਰ ਹੁੰਦਾ ਹੈ , ਉਹ ਗਲਤੀ ਕਰਦਾ ਹੈ । ਕਿਉਂਕਿ ਲਫਜ਼ ਅਸੰਖ ਵੀ ਲੇਖੇ ਵਿਚ ਹੈ , ਪਰ ਤੇਰੀ ਕੁਦਰਤ ਦਾ ਅਜਿਹਾ ਕੋਈ ਲੇਖਾ-ਜੋਖਾ ਨਹੀਂ ਹੈ , ਜੋ ਬੰਦੇ ਦੀ ਪਹੁੰਚ ਵਿਚ ਹੋਵੇ । ਤੇਰੀ ਕੁਦਰਤ ਲੇਖੇ ਤੋਂ ਬਾਹਰ ਹੈ ।
ਅਖਰੀ ਨਾਮ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥
ਪਰ ਫਿਰ ਵੀ ਬੰਦੇ ਨੂੰ , ਪਰਮਾਤਮਾ ਦੇ ਹੁਕਮ ਬਾਰੇ , ਉਸ ਦੀ ਸਿਫਤ-ਸਾਲਾਹ ਬਾਰੇ ਵਿਚਾਰ ਕਰਨ ਲਈ , ਉਹੀ ਅੱਖਰ ਵਰਤਣੇ ਪੈਂਦੇ ਹਨ , ਜੋ ਉਸ ਕੋਲ ਉਪਲਭਦ ਹਨ , ਜੋ ਉਸ ਦੀ ਪਹੁੰਚ ਵਿਚ ਹਨ । ਅੱਖਰਾਂ ਦੇ ਆਸਰੇ ਹੀ ਬੰਦਾ , ਗੁਰੂ ਦਾ
ਗਿਆਨ ਹਾਸਲ ਕਰਦਾ ਹੈ , ਜਿਸ ਦੀ ਸਿਖਿਆ ਅਨੁਸਾਰ ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ , ਉਨ੍ਹਾਂ ਦਾ ਮੰਥਨ ਕਰਦਾ ਹੈ । ਉਨ੍ਹਾਂ ਗੁਣਾਂ ਨੂੰ ਆਪਣੇ ਵਿਚ ਢਾਲਣ ਦਾ ਉਪਰਾਲਾ ਕਰਦਾ ਹੈ ।
ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥
ਅੱਖਰਾਂ ਆਸਰੇ ਹੀ ਬੰਦੇ ਨੂੰ , ਕੁਝ ਲਿਖਣ ਅਤੇ ਬੋਲਣ ਦੀ ਆਦਤ ਪੈਂਦੀ ਹੈ । ਅੱਖਰਾਂ ਆਸਰੇ ਹੀ ਪਰਮਾਤਮਾ ਨਾਲ ਸੰਜੋਗ (ਮਿਲਾਪ) ਦੇ ਢੰਗਾਂ ਬਾਰੇ , ਕਿਹਾ ਜਾ ਸਕਦਾ ਹੈ , ਵਿਚਾਰ ਕੀਤੀ ਜਾ ਸਕਦੀ ਹੈ ।
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥
ਅੱਖਰਾਂ ਆਸਰੇ ਹੀ , ਇਸ ਲੇਖੇ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ , ਇਹ ਜਾਣਿਆ ਜਾ ਸਕਦਾ ਹੈ ਕਿ , ਸ੍ਰਿਸ਼ਟੀ ਦੀ ਹਰ ਚੀਜ਼ ਲੇਖੇ ਵਿਚ ਹੈ , ਇਹ ਵੀ ਜਾਣਿਆ ਜਾ ਸਕਦਾ ਹੈ ਕਿ , ਜਿਸ ਨੇ ਇਹ ਲੇਖਾ ਬਣਾਇਆ ਹੈ , ਜਿਸ ਨੇ
ਇਹ ਲੇਖ ਲਿਖੇ ਹਨ , ਉਹ ਆਪ ਲੇਖੇ ਵਿਚ ਨਹੀਂ ਹੈ । ਬਸ ਏਨਾ ਹੀ ਕਿਹਾ ਜਾ ਸਕਦਾ ਹੈ ਕਿ , ਜਿਸ ਤਰ੍ਹਾਂ ਅਕਾਲ-ਪੁਰਖ , ਹੁਕਮ ਕਰਦਾ ਹੈ , ਉਸ ਦੇ ਨਿਯਮ ਕਾਨੂਨ ਅਨੁਸਾਰ ਹੀ ਜੀਵ , ਆਪਣੇ ਕਰਮਾਂ ਦਾ ਲੇਖਾ ਭੁਗਤਦੇ ਹਨ ।
ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥
ਪਰਮਾਤਮਾ ਨੇ ਜੋ ਕੁਝ ਵੀ ਪੈਦਾ ਕੀਤਾ ਹੈ , ਬ੍ਰਹਮੰਡ ਵਿਚ ਜੋ ਕੁਝ ਵੀ ਹੈ , ਉਹ ਸਾਰਾ ਕੁਝ ਕਰਤਾ-ਪੁਰਖ ਦਾ ਹੁਕਮ ਹੀ ਹੈ । ਉਸ ਦੇ ਹੁਕਮ ਵਿਚ ਹੀ ਬਣਿਆ ਹੈ , ਉਸ ਦੇ ਹੁਕਮ ਵਿਚ ਹੀ ਚੱਲ ਰਿਹਾ ਹੈ , ਉਸ ਦੇ ਹੁਕਮ ਨਾਲ ਹੀ ਖਤਮ ਹੋ ਜਾਣਾ ਹੈ ।
ਮੁਕਦੀ ਗੱਲ ਇਹ ਹੈ ਕਿ , ਉਸ ਦੇ ਹੁਕਮ ਤੋਂ ਸੱਖਣੀ , ਬ੍ਰਹਮੰਡ ਵਿਚ ਕੋਈ ਥਾਂ ਵੀ ਨਹੀਂ ਹੈ । ਉਸ ਦੇ ਹੁਕਮ ਤੋਂ
ਬਾਹਰ ਕੋਈ ਚੀਜ਼ ਨਹੀਂ ਹੈ । (ਕਿਸੇ ਪ੍ਰਾਣੀ ਨੂੰ ਉਸ ਦੇ ਹੁਕਮ ਤੋਂ ਛੋਟ ਨਹੀਂ ਹੈ , ਕੋਈ ਪ੍ਰਾਣੀ , ਉਸ ਪ੍ਰਭੂ ਦੇ ਹੁਕਮ ਵਿਚ ਦਖਲ ਨਹੀਂ ਦੇ ਸਕਦਾ , ਕੋਈ ਹਸਤੀ ਅਜਿਹੀ ਨਹੀਂ ਹੈ , ਜੋ ਉਸ ਦੇ ਹੁਕਮ ਨੂੰ ਬਦਲਣ ਦੇ ਸਮਰੱਥ ਹੋਵੇ।)
ਕੁਦਰਤ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ ॥19॥
ਮੇਰੀ ਕੀ ਹੈਸੀਅਤ ਹੈ ਕਿ ਮੈਂ ਕਾਦਰ ਵਲੋਂ ਰਚੀ , ਕੁਦਰਤ ਬਾਰੇ , ਕੋਈ ਵਿਚਾਰ ਕਰ ਸਕਾਂ , ਉਸ ਬਾਰੇ ਕੁਝ ਕਹਿ ਸਕਾਂ ?
ਮੈਂ ਤਾਂ ਏਨੀ ਜੋਗਾ ਵੀ ਨਹੀਂ ਕਿ ਮੈਂ ਤੇਰੇ ਉੱਤੋਂ ਅਤੇ ਤੇਰੀ ਕੁਦਰਤ ਉਤੋਂ , ਇਕ ਵਾਰ ਵੀ ਕੁਰਬਾਨ ਹੋ ਸਕਾਂ , ਇਕ ਵਾਰ ਵੀ ਵਾਰਿਆ ਜਾ ਸਕਾਂ , ਇਕ ਵਾਰ ਵੀ ਸਦਕੇ ਜਾ ਸਕਾਂ । ਮੈਂ ਤਾਂ ਸਿਰਫ ਇਹੀ ਜਾਣਦਾ ਹਾਂ ਕਿ , ਹੇ ਨਿਰੰਕਾਰ , ਤੂੰ ਹਮੇਸ਼ਾ , ਸਲਾਮਤ ਰਹਿਣ ਵਾਲਾ ਹੈਂ , ਤੇਰੀ ਹਸਤੀ ਹਮੇਸ਼ਾ ਅਟੱਲ ਰਹਿਣ ਵਾਲੀ ਹੈ । ਮੈਂ ਤਾਂ ਕੁਝ ਸਾਹਾਂ ਦਾ ਹੀ ਮੁਹਤਾਜ ਹਾਂ । ਜੋ ਕੁਝ ਵੀ ਤੈਨੂੰ ਭਾਉਂਦਾ ਹੋਵੇ , ਜੋ ਕੁਝ ਵੀ ਤੇਰੀ ਰਜ਼ਾ ਹੋਵੇ , ਜੋ ਕੁਝ ਵੀ ਤੇਰਾ ਹੁਕਮ ਹੋਵੇ , ਉਸ ਅਨੁਸਾਰ ਕੰਮ ਕਰਨਾ ਹੀ , ਮੇਰੇ ਲਈ ਭਲੀ ਕਾਰ , ਚੰਗਾ ਕੰਮ ਹੈ ।
ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥20॥
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥
ਜਿਵੇਂ ਹੱਥ-ਪੈਰ ਜਾਂ ਸਰੀਰ , ਮਿੱਟੀ ਨਾਲ ਲਿਬੜ ਜਾਵੇ ਤਾਂ , ਪਾਣੀ ਨਾਲ ਧੋਤਿਆਂ , ਉਹ ਸਾਫ ਹੋ ਜਾਂਦਾ ਹੈ , ਉਸ ਦੀ ਮਿੱਟੀ ਉੱਤਰ ਜਾਂਦੀ ਹੈ । ਜੇ ਕਪੜੇ , ਪੇਸ਼ਾਬ-ਪਖਾਨੇ ਆਦਿ ਨਾਲ ਲਿਬੜ ਕੇ ਪਲੀਤ ਹੋ ਜਾਣ , ਗੰਦੇ ਹੋ ਜਾਣ ਤਾਂ , ਉਹ ਸਾਬਣ ਆਦਿ ਨਾਲ ਧੋ ਕੇ , ਸਾਫ ਕੀਤੇ ਜਾ ਸਕਦੇ ਹਨ , ਉਨ੍ਹਾਂ ਦਾ ਗੰਦ ਦੂਰ ਹੋ ਜਾਂਦਾ ਹੈ ।
ਹਰ ਕਿਸੇ ਚੀਜ਼ ਦੀ ਸਫਾਈ ਦਾ ਆਪਣਾ-ਆਪਣਾ ਢੰਗ-ਤਰੀਕਾ ਹੁੰਦਾ ਹੈ । ਏਸੇ ਤਰ੍ਹਾਂ , ਜੇ ਬੰਦੇ ਦੀ ਮੱਤ (ਅਕਲ) ਵਿਕਾਰਾਂ ਦੇ ਪ੍ਰਭਾਵ ਹੇਠ ਮਲੀਨ ਹੋ ਗਈ ਹੋਵੇ , ਉਸ ਨੂੰ ਵਿਕਾਰਾਂ ਦੀ ਮੈਲ ਲਗ ਚੁੱਕੀ ਹੋਵੇ , ਤਾਂ ਪਰਮਾਤਮਾ ਦੇ ਨਾਮ ਆਸਰੇ , ਉਸ ਦੀ ਰਜ਼ਾ ਅਨੁਸਾਰ ਚਲਿਆਂ , ਉਸ ਦੇ ਹੁਕਮ ਦੀ ਪਾਲਣਾ ਕੀਤਿਆਂ , ਮਤ ਤੋਂ ਵਿਕਾਰਾਂ ਦੀ ਮੈਲ ਦੂਰ ਕੀਤੀ ਜਾ ਸਕਦੀ ਹੈ ।
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥20॥
ਪੁੰਨ ਅਤੇ ਪਾਪ , ਖਾਲੀ ਕਹਣ ਦੀ ਗੱਲ ਨਹੀਂ ਹੈ , ਇਨ੍ਹਾਂ ਅਨੁਸਾਰ ਤੂੰ ਜੋ ਵੀ ਕੰਮ ਕਰੇਂਗਾ , ਉਸ ਦੇ ਅਧਾਰ ਤੇ
ਹੀ ਤੇਰਾ ਲੇਖਾ ਲਿਖ ਹੋਣਾ ਹੈ , ਜੋ ਤੂੰ ਇਸ ਸੰਸਾਰ ਤੋਂ ਨਾਲ ਲੈ ਕੇ ਜਾਣਾ ਹੈ । ਤੂੰ ਉਹ ਕੁਝ ਹੀ ਖਾਵੇਂਗਾ , ਜੋ ਤੂੰ ਬੀਜਿਆ ਹੋਵੇਗਾ । ਤੂੰ ਆਪਣੇ ਕੀਤੇ ਕਰਮਾਂ ਦਾ ਲੇਖਾ , ਆਪ ਹੀ ਭੁਗਤਣਾ ਹੈ । ਹੇ ਨਾਨਕ , ਤੇਰਾ ਨਬੇੜਾ , ਇਨ੍ਹਾਂ ਲੇਖਾਂ ਦੇ ਆਧਾਰ ਤੇ ਹੀ ਹੋਣਾ ਹੈ , ਜੇ ਤੂੰ ਪੁੰਨ ਕੀਤਾ ਹੋਵੇਗਾ , ਪਰਮਾਤਮਾ ਦੀ ਰਜ਼ਾ ਵਿਚ ਚਲਦਿਆਂ , ਉਸ ਨਾਲ ਪ੍ਰੇਮਾ-ਭਗਤੀ ਦਾ ਨਾਤਾ ਜੋੜਿਆ ਹੋਵੇਗਾ , ਤਾਂ ਉਸ ਨਾਲ ਇਕ-ਮਿਕ ਹੋ ਕੇ , ਜਨਮ ਮਰਨ ਦੇ ਗੇੜ ਤੋਂ ਤੇਰੀ ਖਲਾਸੀ ਹੋ ਜਾਵੇਗੀ । ਜੇ ਤੂੰ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਦਿਆਂ , ਮਾਇਆ ਨਾਲ ਮੋਹ ਪਾਇਆ ਹੋਵੇਗਾ , ਤਾਂ ਤੂੰ ਮਾਇਆ ਦੀ ਉਪਜ , ਆਵਾ-ਗਵਣ , ਜਨਮ-ਮਰਨ ਦੇ ਗੇੜ ਵਿਚ ਪਿਆ ਰਹੇਂਗਾ ।
ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥