ਗੁਰਬਾਣੀ ਦੀ ਸਰਲ ਵਿਆਖਿਆ ਭਾਗ(229)
ੴਸਤਿ ਨਾਮੁ ਗੁਰ ਪ੍ਰਸਾਦਿ ॥
ਗੁਰੂ ਨੇ ਸਭ ਤੋਂ ਪਹਿਲਾਂ ਪਰਮਾਤਮਾ ਦੀ ਜਾਣ-ਪਛਾਣ ਕਰਾਈ ਹੈ। ਜਿਸ ਨੂੰ ਸਾਡੇ ਧਾਰਮਿਕ ਆਗੂ ਅੱਜ ਤੱਕ ਕੋਈ ਨਾਮ ਨਹੀਂ ਦੇ ਸਕੇ, ਇਕ ਨਾਮ ਦਿੱਤਾ ਹੈ "ਮੂਲ ਮੰਤਰ" ਜੋ ਗੁਰਮਤਿ ਸਿਧਾਂਤ ਦੀ ਕਸਵੱਟੀ ਤੇ ਕਿਸੇ ਤਰ੍ਹਾਂ ਵੀ ਪੂਰਾ ਨਹੀਂ ਉਤਰਦਾ।
ਜਦ ਤੱਕ ਧਾਰਮਿਕ ਆਗੂ ਕੋਈ ਸੁਚੱਜਾ ਨਾਮ ਨਹੀਂ ਚੁਣਦੇ ਤੱਦ ਤੱਕ ਆਪਾਂ ਇਸ ਨੂੰ "ਸ਼ਾਬਦਿਕ-ਚਿਤ੍ਰ" ਹੀ ਆਖਾਂਗੇ।
ਵੈਸੇ ਤਾਂ ਸਮੇ ਦੇ ਨਾਲ "ਉਤਾਰੇ ਕਰਨ ਵਾਲਿਆਂ" ਅਤੇ "ਪਰਕਾਸ਼ਕਾਂ" ਨੇ ਅਣਗਹਲੀ ਨਾਲ ਅਤੇ ਇਕਾਗਰਤਾ ਦੀ ਘਾਟ ਕਾਰਨ ਬਹੁਤ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਦਾ ਸੁਧਾਰ ਸਿੱਖਾਂ ਦੀ ਇਕ ਸੁਚੱਜੀ ਕਮੇਟੀ ਵਲੋਂ ਛੇਤੀ ਤੋਂ ਛੇਤੀ ਕਰ ਲੈਣਾ ਚਾਹੀਦਾ ਹੈ।
ਇਕ ਗੱਲ ਜੋ ਜ਼ਰੂਰੀ ਕਰਨ ਵਾਲੀ ਹੈ, ਉਹ ਇਹ ਹੈ ਕਿ ਕਹੇ ਜਾਂਦੇ "ਮੂਲ ਮੰਤਰ" ਦਾ ਛੋਟਾ ਰੂਪ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਸੌ ਤੋਂ ਵੱਧ ਵਾਰੀ ਆਇਆ ਹੈ। ਜਿਸ ਵਿਚ ਅਣਗਹਲੀ ਕਾਰਨ ਕੁਝ ਗਲਤ ਹੋ ਗਿਆ ਹੈ। ਜਿਸ ਬਾਰੇ ਮੈਂ ਬਹੁਤ ਸਮੇ ਤੋਂ ਚਿੰਤਤ ਸੀ। ਅਸਲ ਵਿਚ ਪੂਰਨ ਸ਼ਾਬਦਿਕ ਚਿਤ੍ਰ ਵਿਚ ਪਹਿਲੇ ਤਿੰਨ ਅੱਖਰਾਂ ਵਿਚ ਪਰਮਾਤਮਾ, ਉਸ ਦੀ ਕੁਦਰਤ ਅਤੇ ਉਸ ਦੇ ਨਾਮ (ਹੁਕਮ) ਬਾਰੇ ਵੇਰਵਾ ਦਿੱਤਾ ਹੈ , ਜਿਸ ਦੇ ਵਿਚ 'ਸਤਿ' ਅੱਖਰ ਦੇ ਕੇ ਇਹ ਦਰਸਾਇਆ ਹੈ ਕਿ ਇਹ ਤਿੰਨੇ ਚੀਜ਼ਾਂ "ਸਦੀਵੀ" ਹਨ। ਪਰ ਦਿੱਤੇ ਗਏ ਛੋਟੇ ਸ਼ਾਬਦਿਕ ਚਿਤ੍ਰ ਵਿਚ ਪਰਮਾਤਮਾ ਦਾ ਨਾਮ, ਹੁਕਮ ਗਾਇਬ ਹੋ ਗਿਆ ਹੈ ਅਤੇ ਆਖਰੀ "ਗੁਰ ਪ੍ਰਸਾਦਿ" ਦੇ ਨਾਲ 'ਸਤਿ' ਲਗਾ ਦਿੱਤਾ ਗਿਆ ਹੈ, ਜਦ ਕਿ ਗੁਰ "ਸ਼ਬਦ ਗੁਰੂ" ਸਦੀਵੀ ਨਹੀਂ ਹੈ, ਇਹ ਸ੍ਰਿਸ਼ਟੀ ਦੀ ਉਤਪਤੀ ਦੇ ਨਾਲ, ਨਵੇਂ ਕਾਨੂਨਾਂ ਮੁਤਾਬਕ ਨਵੇਂ ਰੂਪ ਵਿਚ ਬਣਦਾ ਹੈ, ਅਤੇ ਸ੍ਰਿਸ਼ਟੀ ਦੇ ਖਾਤਮੇ ਵੇਲੇ ਖਤਮ ਹੋ ਜਾਂਦਾ ਹੈ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ "81" ਅੰਗ ਤੇ ਸਹੀ ਰੂਪ ਵਿਚ ਮਿਲ ਗਿਆ ਹੈ, ਜਿਸ ਵਿਚ ਤਿੰਨੇ ਚੀਜ਼ਾਂ, ਪਰਮਾਤਮਾ, ਉਸ ਦੀ ਕੁਦਰਤ, ਉਸ ਦਾ ਨਾਮ, ਹੁਕਮ ਸਦੀਵੀ ਦਿੱਤਾ ਹੈ ਅਤੇ ਸ਼ਬਦ ਗੁਰੂ ਨੂੰ ਸਹੀ ਰੂਪ ਵਿਚ, 'ਗੁਰ ਪ੍ਰਸਾਦਿ' ਦਰਸਾਇਆ ਹੈ, ਮੈਂ ਉਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਏਥੇ ਦੇ ਦਿੱਤਾ ਹੈ। ਫੈਸਲਾ ਸਰਬੱਤ-ਖਾਲਸਾ ਨੇ ਕਰਨਾ ਹੈ।
ਸਿਰੀਰਾਗੁ ਮਹਲਾ 1 ਪਹਰੇ ਘਰੁ 1 ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥1॥
ਹੇ ਜੀਵ ਮਿਤ੍ਰ, ਕਰਮ-ਭੂਮੀ ਤੇ ਪ੍ਰਭੂ ਨਾਮ ਦਾ ਵਪਾਰ ਕਰਨ ਆਏ ਹੋ।ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ ਕਰਤਾਰ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ। ਹੇ ਵਣਜਾਰੇ ਜੀਵ ਮਿਤ੍ਰ, ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।
ਮਾਂ ਦੇ ਪੇਟ ਵਿਚ ਜੀਵ ਪੁੱਠਾ ਲਟਕਿਆ ਹੋਇਆ ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, ਪ੍ਰਭੂ ਦੇ ਧਿਆਨ ਵਿਚ ਜੁੜਦਾ ਹੈ, ਪ੍ਰਭੂ ਚਰਨਾਂ ਵਿਚ ਸੁਰਤ ਜੋੜਦਾ ਹੈ। ਜਗਤ ਵਿਚ ਨੰਗਾ ਆਉਂਦਾ ਹੈ, ਮੁੜ ਏਥੋਂ ਨੰਗਾ ਹੀ ਚਲਾ ਜਾਇਗਾ। ਜੀਵ ਦੇ ਮੱਥੇ ਉੱਤੇ ਪਰਮਾਤਮਾ ਦੇ ਹੁਕਮ ਅਨੁਸਾਰ, ਜਿਹੋ-ਜਿਹੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਕਲਮ ਚਲਦੀ ਹੈ, ਜਗਤ ਵਿਚ ਆਉਣ ਵੇਲੇ ਜੀਵ ਦੇ ਪਾਸ ਉਹੋ ਜਿਹੀ ਹੀ, ਆਤਮਕ ਜੀਵਨ ਦੀ ਰਾਸ-ਪੂੰਜੀ ਹੁੰਦੀ ਹੈ।
ਹੇ ਨਾਨਕ ਆਖ, ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ, ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।1।
ਚੰਦੀ ਅਮਰ ਜੀਤ ਸਿੰਘ (ਚਲਦਾ)