ਗੁਰਬਾਣੀ ਦੀ ਸਰਲ ਵਿਆਖਿਆ ਭਾਗ(230)
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥2॥
ਹੇ ਹਰਿ ਨਾਮ ਦਾ ਵਣਜ ਕਰਨ ਆਏ ਜੀਵ ਮਿਤ੍ਰ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ, ਸੰਸਾਰ ਵਿਚ ਜਨਮ ਲੈ ਕੇ ਜੀਵ ਨੂੰ, ਪਰਮਾਤਮਾ ਦੇ ਚਰਨਾਂ ਦਾ ਉੇਹ ਧਿਆਨ ਭੁੱਲ ਜਾਂਦਾ ਹੈ, ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ। ਹੇ ਵਣਜਾਰੇ ਮਿਤ੍ਰ, ਜਨਮ ਲੈ ਕੇ ਜੀਵ, ਘਰ ਦੇ ਹਰੇਕ ਪ੍ਰਾਣੀ ਦੇ ਹੱਥ ਉੱਤੇ ਇਉਂ ਨਚਾਇਆ ਜਾਂਦਾ ਹੈ, ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨਨੂੰ। ਨਵਾਂ ਜਨਮਿਆ ਜੀਵ, ਹਰੇਕ ਦੇ ਹੱਥ ਵਿਚ ਨਚਾਈਦਾ ਹੈ, ਖਿਡਾਈਦਾ ਹੈ, ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ। ਪਰ ਹੇ ਮੇਰੇ ਗਾਫਿਲ ਮੂਰਖ ਮਨ, ਚੇਤੇ ਰੱਖ, ਅਖੀਰ ਵੇਲੇ ਕੋਈ ਵੀ ਚੀਜ਼ ਤੇਰੀ ਨਹੀਂ ਬਣੀ ਰਹੇਗੀ। ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸ ਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ। ਹੇ ਨਾਨਕ ਆਖ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ, ਸੰਸਾਰ ਵਿਚ ਜਨਮ ਲੈ ਕੇ, ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ।2।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥3॥
ਹੇ ਹਰਿ ਨਾਮ ਦਾ ਵਪਾਰ ਕਰਨ ਆਏ ਜੀਵ-ਮਿਤ੍ਰ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ, ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ। ਹੇ ਵਣਜਾਰੇ ਮਿੱਤ੍ਰ, ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤ ਨਾਲ ਤੂੰ ਧਨ, ਜੋਬਨ ਤੇ ਮੋਹ ਦੇ ਬੰਧਨਾਂ ਵਿਚੋਂ ਖਲਾਸੀ ਪਾ ਸਕੇਂ।
ਜੀਵ ਮਾਇਆ ਦੇ ਮੋਹ ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ ਦੇ ਨਸ਼ੇ ਵਿਚ ਮਸਤ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾ ਇਸ ਨੇ ਧਰਮ, ਹਰਿ ਨਾਮ ਸਿਮਰਨ ਦਾ ਵਪਾਰ ਕੀਤਾ, ਤੇ ਨਾ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤ੍ਰ ਬਣਾਇਆ।
ਹੇ ਨਾਨਕ, ਆਖ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ, ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ।3।
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥4॥1॥
ਹੇ ਹਰਿ ਨਾਮ ਦਾ ਵਪਾਰ ਕਰਨ ਆਏ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ, ਬੁਢੇਪਾ ਆ ਜਾਣ ਤੇ ਸਰੀਰ ਖੇਤ ਨੂੰ ਵੱਢਣ ਵਾਲਾ ਜਮ ਆ ਪਹੁੰਚਿਆ। ਹੇ ਵਣਜਾਰੇ ਮਿੱਤ੍ਰ, ਜਦੋਂ ਜਮ ਨੇ ਆ ਕੇ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਤਾਂ ਕਿਸੇ ਸੰਬੰਧੀ ਨੂੰ ਵੀ ਇਹ ਸਮਝ ਨਹੀਂ ਆਈ ਕਿ ਇਹ ਕੀ ਹੋਇਆ ? ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਸਮਝ ਨਾ ਪੈ ਸਕੀ। ਜਦੋਂ ਜਮ ਨੇ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ, ਤਾਂ ਉਸ ਦੇ ਮਿਰਤਕ ਸਰੀਰ ਦੇ ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। ਉਹ, ਜਿਸ ਨੂੰ ਸਾਰੇ ਹੀ ਸੰਬੰਧੀ, ਮੇਰਾ-ਮੇਰਾ ਕਿਹਾ ਕਰਦੇ ਸਨ, ਇਕ ਖਿਨ ਵਿਚ ਹੀ ਓਪਰਾ ਹੋ ਗਿਆ। ਜਿਸ ਨਾਲ ਸਾਰੀ ਉਮਰ ਮੋਹ ਕੀਤੀ ਰੱਖਿਆ ਤੇ ਉਸ ਦੇ ਅਨੁਸਾਰ ਜੋ-ਜੋ ਕਰਮ ਕੀਤੇ, ਅੰਤ ਵੇਲੇ ਉਹ ਕੀਤੀ ਕਮਾਈ ਸਾਮ੍ਹਣੇ ਆ ਗਈ। ਹੇ ਨਾਨਕ ਆਖ, ਜ਼ਿਦਗੀ ਦੀ ਰਾਤ ਦੇ ਚੌਥੇ ਪਹਰ, ਬੁਢੇਪਾ ਆ ਜਾਣ ਤੇ, ਫਸਲ ਵੱਢਣ ਵਾਲੇ ਜਮਦੂਤ ਨੇ ਸਰੀਰ ਖੇਤ ਨੂੰ ਆ ਕੱਟਿਆ।4।1।
ਚੰਦੀ ਅਮਰ ਜੀਤ ਸਿੰਘ (ਚਲਦਾ)