ਗੁਰਬਾਣੀ ਦੀ ਸਰਲ ਵਿਆਖਿਆ ਭਾਗ(231)
ਸਿਰੀਰਾਗੁ ਮਹਲਾ 1 ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥
ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥1॥
ਹੇ ਹਰਿ-ਨਾਮ ਦਾ ਵਣਜ ਕਰਨ ਆਏ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ ਜੀਵ, ਬਾਲਕਾਂ ਦੀ ਅਕਲ ਵਾਲਾ ਅੰਞਜਾਣ ਹੁੰਦਾ ਹੈ। ਨਾਮ-ਸਿਮਰਣ ਵਲੋਂ ਬੇ-ਪਰਵਾਹ ਰਹਿੰਦਾ ਹੈ। ਹੇ ਵਣਜਾਰੇ ਮਿੱਤ੍ਰ, ਬਾਲ ਉਮਰੇ ਜੀਵ, ਜੀਵ ਮਾਂ ਦਾ ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, ਉਸ ਉਮਰੇ ਮਾਪਿਆਂ ਦਾ ਆਪਣੇ ਪੁੱਤ੍ਰ ਨਾਲ ਬੜਾ ਪਿਆਰ ਹੁੰਦਾ ਹੈ।
ਮਾਇਆ ਦਾ ਇਹ ਮੋਹ ਸਾਰੀ ਸ੍ਰਿਸ਼ਟੀ ਨੂੰ ਹੀ ਵਿਆਪ ਰਿਹਾ ਹੈ। ਜੀਵ ਨੇ ਪਿਛਲੇ ਜਨਮ ਵਿਚ ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਨ੍ਹਾਂ ਦੇ ਸੰਜੋਗ ਅਨੁਸਾਰ ਜਗਤ ਵਿਚ ਜਨਮਿਆ, ਤੇ ਏਥੇ ਆ ਕੇ ਮੁੜ ਉਨ੍ਹਾਂ ਅਨੁਸਾਰ ਕਰਣੀ ਕਰਦਾ ਹੈ, ਕਾਰ ਕਮਾਂਦਾ ਹੈ।
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ, ਇਸ ਮੋਹ ਵਿਚੋਂ ਖਲਾਸੀ ਨਹੀਂ ਹੋ ਸਕਦੀ। ਹੇ ਨਾਨਕ ਆਖ ਹੇ ਜੀਵ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ ਤੂੰ ਬੇ-ਪਰਵਾਹ ਹੈਂ, ਪਰਮਾਤਮਾ ਦਾ ਸਿਮਰਨ ਕਰ, ਸਿਮਰਨ ਦੀ ਮਦਦ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ ਬਚੇਂਗਾ।1।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥
ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥
ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥2॥
ਹਰਿ ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ। ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ ਭਰ ਜਵਾਨੀ ਦੇ ਕਾਰਨ ਜੀਵ ਦੀ ਮੱਤ, ਅਕਲ ਇਉਂ ਹੋ ਜਾਂਦੀ ਹੈ ਜਿਵੇਂ ਸ਼ਰਾਬ ਵਿਚ ਗੁੱਟ ਹੈ। ਹੇ ਵਣਜਾਰੇ ਮਿੱਤ੍ਰ, ਜੀਵ ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, ਕਾਮ ਵਿਚ ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਮਨ ਵਿਚ ਟਿਕਾਣ ਦੀ ਸੁਰਤ ਨਹੀਂ ਹੁੰਦੀ। ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, ਨਾਮ ਤੋਂ ਬਿਨਾ ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।
ਹੇ ਝੂਠੇ ਮੋਹ ਵਿਚ ਫਸੇ ਜੀਵ, ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ ਚਰਨਾਂ ਵਿਚ ਤੇਰੀ ਸੁਰਤ ਨਹੀਂ, ਕਰਤਾਰ ਦੇ ਗੁਣ ਯਾਦ ਨਹੀਂ ਕੀਤੇ, ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ, ਇਸ ਦਾ ਨਤੀਜਾ ਇਹ ਹੋਵੇਗਾ ਕਿ ਤੂੰਜਨਮ-ਮਰਨ ਦੇ ਗੇੜ ਵਿਚ ਪੈ ਜਾਵੇਂਗਾ।
ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿਚ ਮਸਤ ਹੋਇਆ ਜੀਵ, ਤੀਰਥ ਵਰਤ ਸੁਚਿ ਸੰਜਮ, ਪੂਜਾ ਆਦਿ ਕਰਮ-ਕਾਂਡ ਦੇ ਧਰਮ ਵੀ ਨਹੀਂ ਕਰਦਾ। ਹੇ ਨਾਨਕ, ਵੈਸੇ ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ,
ਪ੍ਰਭੂ ਦੀ ਭਗਤੀ ਦੀ ਰਾਹੀਂ ਹੀ, ਇਸ ਕਾਮ-ਵਾਸਨਾ ਤੋਂ ਬਚਾ ਹੋ ਸਕਦਾ ਹੈ, ਭਗਤੀ ਸਿਮਰਨ ਵਲੋਂ ਦੁਚਿੱਤਾ-ਪਨ ਰੱਖਿਆਂ, ਕਾਮਾਦਿਕ ਦੀ ਸ਼ਕਲ ਵਿਚ ਮਾਇਆ ਦਾ ਮੋਹ ਹੀ ਜੋਰ ਪਾਂਦਾ ਹੈ।2।
ਚੰਦੀ ਅਮਰ ਜੀਤ ਸਿੰਘ (ਚਲਦਾ)