ਗੁਰਬਾਣੀ ਦੀ ਸਰਲ ਵਿਆਖਿਆ ਭਾਗ(232)
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥
ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥3॥
ਹੇ ਹਰਿ ਨਾਮ ਦਾ ਵਣਜ ਕਰਨ ਆਏ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ, ਸਿਰ ਉੱਤੇ ਹੰਸ ਆ ਉਤਰਦੇ ਹਨ, ਸਿਰ ਉੱਤੇ ਧੌਲੇ ਆ ਜਾਂਦੇ ਹਨ। ਹੇ ਵਣਜਾਰੇ ਮਿੱਤ੍ਰ, ਜਿਉਂ-ਜਿਉਂ ਜਵਾਨੀ ਘਟਦੀ ਹੈ ਬੁਢਾਪਾ ਸਰੀਰਕ ਤਾਕਤ ਨੂੰ ਜਿੱਤਦਾ ਜਾਂਦਾ ਹੈ, ਉਮਰ ਦਾ ਇਕ-ਇਕ ਦਿਨ ਲੰਘਦਾ ਹੈ, ਉਮਰ ਘਟਦੀ ਜਾਂਦੀ ਹੈ।
ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵ, ਜਦੋਂ ਜਮ ਨੇ ਤੈਨੂੰ ਫੜ ਕੇ ਅੱਗੇ ਲਾ ਲਿਆ, ਤਦੋਂ ਅਖੀਰਲੇ ਵੇਲੇ ਤੂੰ ਪਛਤਾਏਂਗਾ। ਤੂੰ ਹਰੇਕ ਚੀਜ਼ ਆਪਣੀ ਬਣਾ-ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਪਲ ਵਿਚ ਪਰਾਇਆ ਮਾਲ ਹੋ ਜਾਏਗਾ। ਮਾਇਆ ਦੇ ਮੋਹ ਵਿਚ ਫਸ ਕੇ ਜੀਵ ਦੀ ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ-ਕਰ ਕੇ ਆਖਰ, ਅੰਤ ਵੇਲੇ ਪਛਤਾਂਦਾ ਹੈ। ਹੇ ਨਾਨਕ ਆਖ, ਹੇ ਜੀਵ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ, ਸਿਰ ਤੇ ਧੌਲੇ ਆ ਗਏ ਹਨ, ਤਾਂ ਪ੍ਰਭੂ ਚਰਨਾਂ ਵਿਚ ਸੁਰਤ ਜੋੜ ਕੇ ਸਿਮਰਨ ਕਰ।3।
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥4॥
ਹੇ ਹਰਿ ਨਾਮ ਦਾ ਵਣਜ ਕਰਨ ਆਏ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ, ਜੀਵ ਬੁੱਢਾ ਹੋ ਜਾਂਦਾ ਹੈ, ਉਸ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ-ਮਿੱਤ੍ਰ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, ਅੱਖਾਂ ਨੂੰ ਠੀਕ ਨਹੀਂ ਦਿਸਦਾ। ਕੰਨਾਂ ਨਾਲ ਬੋਲ ਚੰਗੀ ਤਰ੍ਹਾਂ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ ਦੀ ਤਾਕਤ ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਹਨ, ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ ? ਮਨ ਦੇ ਮਰੀਦ ਨੂੰ ਜਨਮ-ਮਰਨ ਦਾ ਗੇੜ ਪੈ ਜਾਂਦਾ ਹੈ। ਜਿਵੇਂ ਪੱਕੀ ਹੋਈ ਫਸਲ ਦਾ ਨਾੜ ਕੜਕ ਹੋ ਕੇ ਟੁੱਟ ਜਾਂਦਾ ਹੈ, ਤਿਵੇਂ ਬੁਢਾਪਾ ਆਉਣ ਤੇ ਸਰੀਰ ਨਾਸ ਹੋ ਜਾਂਦਾ ਹੈ, ਜੀਵ ਜਗਤ ਤੇ ਆ ਕੇ ਆਖਰ ਏਥੋਂ ਤੁਰ ਪੈਂਦਾ ਹੈ, ਇਸ ਸਰੀਰ ਦਾ ਮਾਣ ਕਰਨਾ ਵਿਅਰਥ ਹੈ।
ਹੇ ਨਾਨਕ ਆਖ, ਹੇ ਪ੍ਰਾਣੀ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਤੂੰ ਬੁੱਢਾ ਹੋ ਗਿਆ ਹੈਂ, ਗੁਰੂ ਦਾ ਆਸਰਾ ਲੈ ਕੇ ਸ਼ਬਦ ਗੁਰੂ ਨਾਲ ਡੂੰਘੀ ਸਾਂਝ ਪਾ।4।
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥
ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥5॥2॥
ਹਰਿ ਮਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤ੍ਰ, ਜੀਵ ਨੂੰ ਉਮਰ ਦੇ ਜਿਤਨੇ ਸਵਾਸ ਮਿਲੇ ਸਨ, ਆਖਰ ਉਨ੍ਹਾਂ ਸਵਾਸਾਂ ਦਾ ਅਖੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ ਨੱਚਣ ਲਗ ਪਿਆ। ਹੇ ਵਣਜਾਰੇ ਮਿੱਤ੍ਰ, ਜਿਸ ਦੇ ਹਿਰਦੇ ਵਿਚ ਰਤਾ ਵੀ ਗੁਣ ਨਾ ਟਿਕੇ, ਉਸ ਨੂੰ ਉਸ ਦੇ ਆਪਣੇ ਹੀ ਕੀਤੇ ਹੋਏ ਔਗਣ ਬੰਨ੍ਹ ਕੇ ਲੈ ਤੁਰਦੇ ਹਨ।
ਜੇਹੜਾ ਜੀਵ ਏਥੋਂ ਆਤਮਕ ਗੁਣਾਂ ਦੇ ਸੰਜਮ ਦੀ ਸਹਾਇਤਾ ਨਾਲ ਜਾਂਦਾ ਹੈ, ਉਹ ਜਮਰਾਜ ਦੀ ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ। ਜਮ ਦਾ ਜਾਲ ਮੌਤ ਦਾ ਡਰ ਉਸ ਵੱਲ ਤੱਕ ਵੀ ਨਹੀਂ ਸਕਦਾ। ਪਰਮਾਤਮਾ ਦੇ ਪਿਆਰ ਦੀ ਬਰਕਤ ਨਾਲ, ਪਰਮਾਤਮਾ ਦੀ ਭਗਤੀ ਨਾਲ ਉਹ ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ ਪਾਰ ਲੰਘ ਜਾਂਦਾ ਹੈ। ਉਹ ਏਥੋਂ ਇੱਜ਼ਤ ਨਾਲ ਜਾਂਦਾ ਹੈ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ ਕਲੇਸ਼ ਦੂਰ ਕਰ ਲੈਂਦਾ ਹੈ।
ਹੇ ਨਾਨਕ ਆਖ, ਜਿਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ।5।2।
ਚੰਦੀ ਅਮਰ ਜੀਤ ਸਿੰਘ (ਚਲਦਾ)