ਗੁਰਬਾਣੀ ਦੀ ਸਰਲ ਵਿਆਖਿਆ ਭਾਗ(233)
ਸਿਰੀਰਾਗੁ ਮਹਲਾ 4 ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥1॥
ਹਰੀ ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ, ਜੀਵ ਨੂੰ ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ। ਵਣਜਾਰੇ ਜੀਵ ਮਿੱਤ੍ਰ, ਜੀਵ ਮਾਂ ਦੇ ਪੇਟ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ, ਪ੍ਰਭੂ ਦਾ ਨਾਮ ਉਚਾਰਦਾ ਹੈ, ਤੇ ਰੱਬ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ। ਜੀਵ ਮਾਂ ਦੇ ਪੇਟ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਆਰਾਧਦਾ ਹੈ, ਹਰਿ ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ। ਮਾਂ ਦੇ ਪੇਟ ਤੋਂ ਬਾਹਰ ਆ ਕੇ ਜਨਮ ਲੈਂਦਾ ਹੈ, ਮਾਂ-ਪਿਉ ਦੇ ਮੂੰਹ ਲਗਦਾ ਹੈ, ਮਾਂ-ਪਿਉ ਖੁਸ਼ ਹੁੰਦੇ ਹਨ।
ਹੇ ਪ੍ਰਾਣੀਉ, ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੇ ਰਾਹੀਂ ਆਪਣੇ ਹਿਰਦੇ ਵਿਚ ਉਸ ਦੇ ਗੁਣਾਂ ਦਾ ਵਿਚਾਰ ਕਰੋ। ਹੇ ਨਾਨਕ ਆਖ, ਹੇ ਪ੍ਰਾਣੀ, ਜੇ ਪਰਮਾਤਮਾ ਮਿਹਰ ਕਰੇ ਤਾਂ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।1।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥
ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥2॥
ਹੇ ਹਰਿ ਨਾਮ ਦਾ ਵਣਜ ਕਰਨ ਆਏ ਜੀਵ ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ ਜੀਵ ਦਾ ਮਨ ਪਰਮਾਤਮਾ ਨੂੰ ਭੁਲਾ ਕੇ, ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ। ਹੇ ਵਣਜਾਰੇ ਮਿੱਤ੍ਰ, ਇਹ ਮੇਰਾ ਪੁਤ੍ਰ ਹੈ, ਇਹ ਮੇਰਾ ਬੇਟਾ ਹੈ, ਆਖ ਆਖ ਕੇ, ਬਾਲਕ ਪਾਲਿਆ ਜਾਂਦਾ ਹੈ। ਮਾਂ ਫੜ ਕੇ ਗਲ ਨਾਲ ਲਾਂਦੀ ਹੈ, ਪਿਉ ਲੈ ਕੇ ਗਲ ਨਾਲ ਲਾਂਦਾ ਹੈ। ਮਾਂ ਮੁੜ-ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ-ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ ਸਾਨੂੰ ਖੱਟ ਕਮਾ ਕੇ ਖਲਾਏਗਾ। ਮੂਰਖ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਪਛਾਣਦਾ, ਨਹੀਂ ਯਾਦ ਕਰਦਾ, ਜਿਹੜਾ ਪੁਤ੍ਰ ਧਨ ਆਦਿ ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ ਪੁੱਤ੍ਰ ਧਨ ਆਦਿ ਨਾਲ ਪਿਆਰ ਕਰਦਾ ਹੈ।
ਜਿਹੜਾ ਕੋਈ ਵਡਭਾਗੀ ਮਨੁੱਖ, ਗੁਰੂ ਦੀ ਸਰਨ ਪੈਂਦਾ ਹੈ, ਉਹ ਇਸ ਅਸਲੀਅਤ ਦੀ ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ। ਹੇ ਨਾਨਕ ਆਖ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ ਜਿਹੜਾ ਪ੍ਰਾਣੀ ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ ਆਤਮਕ ਮੌਤ ਕਦੇ ਵੀ ਨਹੀਂ ਆਉਂਦੀ।2।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥
ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
ਜਿਸ ਨੋ ਕਿਰਪਾ ਕਰੇ ਗੁਰ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥3॥
ਹਰਿ ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਵਿਚ, ਮਨੁੱਖ ਦਾ ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਦਿਆਂ ਦੇ ਮੋਹ ਵਿਚ ਫਸ ਜਾਂਦਾ ਹੈ। ਮਨੁੱਖ, ਧਨ ਦੀ ਹੀ ਗੱਲ ਕਰਦਾ ਹੈ, ਧਨ ਹੀ ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਵੀ ਹਿਰਦੇ ਵਿਚ ਨਹੀਂ ਵਸਾਂਦਾ। ਮੋਹ ਵਿਚ ਫਸ ਕੇ ਜੀਵ ਕਦੇ ਵੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ, ਜਿਹੜਾ ਅਖੀਰ ਵੇਲੇ ਸਾਥੀ ਬਣਦਾ ਹੈ। ਇਹ ਧਨ-ਪਦਾਰਥ, ਇਹ ਮਾਇਆ ਸਦਾ ਸਾਥ ਨਿਭਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਜੀਵ ਪਛਤਾਂਦਾ ਹੋਇਆ ਇਨ੍ਹਾਂ ਨੂੰ ਛੱਡ ਜਾਂਦਾ ਹੈ।
ਜਿਸ ਮਨੁੱਖ ਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ। ਹੇ ਨਾਨਕ ਆਖ, ਜਿਹੜੇ ਪ੍ਰਾਣੀ ਹਰਿ-ਨਾਮ ਸੰਭਾਲਦੇ ਹਨ, ਉਹ ਪ੍ਰਭੂ ਵਿਚ ਜਾ ਮਿਲਦੇ ਹਨ।3।
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥4॥ 1॥3॥
ਪ੍ਰਭੂ ਦੇ ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਪਰਮਾਤਮਾ, ਜੀਵ ਦੇ ਏਥੋਂ ਤੁਰਨ ਦਾ ਸਮਾ ਲੈ ਹੀ ਆਉਂਦਾ ਹੈ। ਹੇ ਵਣਜਾਰੇ ਜੀਵ-ਮਿੱਤ੍ਰ, ਗੁਰੂ ਨੂੰ ਅਭੁੱਲ ਜਾਣ ਕੇ, ਗੁਰੂ ਦੀ ਸਰਨ ਪਵੋ, ਜ਼ਿੰਦਗੀ ਦੀ ਸਾਰੀ ਰਾਤ ਬੀਤਦੀ ਜਾ ਰਹੀ ਹੈ। ਹੇ ਜੀਵ ਮਿੱਤ੍ਰ, ਸੁਆਸ-ਸੁਆਸ ਕਰਤਾਰ ਦਾ ਨਾਮ ਸਿਮਰੋ, ਇਸ ਕੰਮ ਵਿਚ ਬਿਲਕੁਲ ਆਲਸ ਨਹੀਂ ਕਰੋ, ਸਿਮਰਨ ਦੀ ਬਰਕਤ ਨਾਲ ਹੀ ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ, ਤੇ ਜਨਮ-ਮਰਨ ਦੇ ਗੇੜ ਵਿਚ ਪਾਣ ਵਾਲੇ ਦੁੱਖਾਂ ਨੂੰ ਮੁਕਾ ਸਕੋਗੇ। ਹੇ ਜੀਵ-ਮਿੱਤ੍ਰ, ਗੁਰੂ ਤੇ ਪਰਮਾਤਮਾ ਵਿਚ ਰਤਾ ਵੀ ਫਰਕ ਨਾ ਸਮਝੋ, ਗੁਰੂ ਦੇ ਚਰਨਾਂ ਵਿਚ ਜੁੜ ਕੇ ਹੀ
ਪਰਮਾਤਮਾ ਦੀ ਭਗਤੀ ਪਿਆਰੀ ਲਗਦੀ ਹੈ।
ਹੇ ਨਾਨਕ ਆਖ, ਜਿਹੜੇ ਪ੍ਰਾਣੀ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਵੀ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਨ੍ਹਾਂ ਭਗਤਾਂ ਦੀ ਜ਼ਿੰਦਗੀ ਦੀ ਸਾਰੀ ਰਾਤ ਸਫਲ ਰਹਿੰਦੀ ਹੈ।4।1।3।
ਚੰਦੀ ਅਮਰ ਜੀਤ ਸਿੰਘ (ਚਲਦਾ)