ਗੁਰਬਾਣੀ ਦੀ ਸਰਲ ਵਿਆਖਿਆ ਭਾਗ(234)
ਸਿਰੀਰਾਗੁ ਮਹਲਾ 5 ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥
ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥1॥
ਹੇ ਹਰਿ-ਨਾਮ ਦਾ ਵਣਜ ਕਰਨ ਆਏ ਜੀਵ-ਮਿੱਤ੍ਰ, ਮਨੁੱਖਾ ਜ਼ਿੰਦਗੀ ਦੀ ਰਾਤ ਦੇ ਪਹਲੇ ਪਹਰ ਪਰਮਾਤਮਾ ਜੀਵ ਨੂੰ ਮਾਂ ਦੇ ਪੇਟ ਵਿਚ ਰੱਖਦਾ ਹੈ। ਹੇ ਵਣਜਾਰੇ ਮਿੱਤ੍ਰ, ਫਿਰ ਦਸਾਂ ਮਹੀਨਿਆਂ ਵਿਚ ਪ੍ਰਭੂ, ਮਨੁੱਖ ਦਾ ਸਾਬਤ ਬੁਤ ਬਣਾ ਦੇਂਦਾ ਹੈ। ਜੀਵਾਂ ਨੂੰ ਜ਼ਿੰਦਗੀ ਦਾ ਮਿਥਿਆ ਹੋਇਆ ਸਮਾ ਦੇਂਦਾ ਹੈ, ਜਿਸ ਵਿਚ ਜੀਵ ਚੰਗੇ-ਮੰਦੇ ਕਰਮ ਕਮਾਂਦੇ ਹਨ। ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮਿਥ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ, ਜੀਵ ਕਮਾਂਦੇ ਹਨ, ਮਾਂ ਪਿਉ ਭਰਾ ਪੁੱਤ੍ਰ ਇਸਤ੍ਰੀ ਆਦਿ ਇਨ੍ਹਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ। ਇਸ ਜੀਵ ਦੇ ਇਖਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਮਾਂਦਾ ਹੈ।
ਹੇ ਨਾਨਕ ਆਖ, ਜ਼ਿੰਦਗੀ ਦੀ ਰਾਤ ਦੇ ਪਹਲੇ ਪਹਰ ਪਰਮਾਤਮਾ ਪ੍ਰਾਣੀ ਨੂੰ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ।1।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥2॥
ਹਰਿ-ਨਾਮ ਦਾ ਵਪਾਰ ਕਰਨ ਆਏ ਹੇ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ, ਸਿਖਰ ਤੇ ਪਹੁੰਚੀ ਹੋਈ ਜਵਾਨੀ, ਜੀਵ ਦੇ ਅੰਦਰ ਉਛਾਲੇ ਮਾਰਦੀ ਹੈ। ਹੇ ਵਪਾਰੀ ਮਿੱਤ੍ਰ, ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ-ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ। ਜਵਾਨੀ ਦੀ ਖੁਮਾਰੀ ਵਿਚ ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ, ਚੰਗਾ ਹੈ ਜਾਂ ਮੰਦਾ, ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ। ਹਉਮੈ ਵਿਚ ਮਸਤ ਮਨੁੱਖ ਸ਼ਬਦ ਗੁਰੂ ਦੀ ਸਰਨ ਨਹੀਂ ਪੈਂਦਾ, ਇਸ ਕਰ ਕੇ ਉਸ ਦੇ ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।
ਜਵਾਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ ਝੱਲੇ ਹੋ ਚੁਕੇ ਨੂੰ ਜਦੋਂ ਧਰਮ-ਰਾਜ ਆ ਫੜੇਗਾ, ਤਦੋਂ ਆਪਣੀਆਂ ਮੰਦੀਆਂ ਕਰਤੂਤਾਂ ਬਾਰੇ ਉਸ ਕੋਲ ਕੀ ਜਵਾਬ ਹੋਵੇਗਾ ? ਹੇ ਨਾਨਕ ਆਖ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ, ਸਿਖਰ ਤੇ ਪਹੁੰਚਿਆ ਹੋਇਆ ਜੋਬਨ, ਮਨੁੱਖ ਦੇ ਅੰਦਰ ਉਛਾਲੇ ਮਾਰਦਾ ਹੈ।2।
ਚੰਦੀ ਅਮਰ ਜੀਤ ਸਿੰਘ (ਚਲਦਾ)