ਗੁਰਬਾਣੀ ਦੀ ਸਰਲ ਵਿਆਖਿਆ ਭਾਗ(236)
ਸਿਰੀਰਾਗੁ ਮਹਲਾ 4 ਘਰੁ 2 ਛੰਤ
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਪਰਮਾਤਮਾ, ਉਸ ਦੀ ਕੁਦਰਤ, ਉਸ ਦਾ ਨਾਮੁ, ਭਾਣਾ, ਹੁਕਮ ਅਟੱਲ ਹਨ, ਬਾਕੀ ਦਿਸਦਾ ਸਭ ਕੁਝ ਨਾਸ਼ਵਾਨ ਹੈ। ਇਹ ਸੋਝੀ, ਮੇਰੇ ਗੁਰੂ, ਸ਼ਬਦ ਗੁਰੂ ਦੀ ਕਿਰਪਾ ਸਦਕਾ ਮੈਨੂੰ ਹੋਈ ਹੈ। (ਨਾਨਕ ਜੋਤ)
ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥1॥
ਜੇ ਜੀਵ ਇਸਤ੍ਰੀ, ਪੇਕੇ ਘਰ ਵਿਚ, ਇਸ ਮਨੁੱਖਾ ਜਨਮ ਵਿਚ ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦੇ ਦਰਸ਼ਨ, ਉਸ ਬਾਰੇ ਸੋਝੀ ਕਿਵੇਂ ਹਾਸਲ ਕਰ ਸਕਦੀ ਹੈ ? ਨਹੀਂ ਕਰ ਸਕਦੀ। ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ ਜੀਵ-ਇਸਤ੍ਰੀ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ ਪਤੀ ਦੇ ਚਰਨਾ ਵਿਚ ਪਹੁੰਚਣ ਵਾਲੇ ਕੰਮ ਕਰਨੇ ਸਿੱਖਦੀ ਹੈ। ਗੁਰੂ ਦੀ ਸਰਨ ਪੈ ਕੇ ਜੀਵ-ਇਸਤ੍ਰੀ ਉਹ ਕੰਮ ਸਿਖਦੀ ਹੈ, ਜਿਨ੍ਹਾਂ ਦੀ ਮਦਦ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ, ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ, ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ, ਸਦਾ ਉਸ ਦੀ ਰਜ਼ਾ ਦਾ ਪਾਲਣ ਕਰਦੀ ਹੈ। ਸਹੇਲੀਆਂ, ਸਤ-ਸੰਗੀਆਂ ਵਿਚ ਰਹਿ ਕੇ, ਇਸ ਲੋਕ ਵਿਚ ਸੌਖੀ ਤੁਰੀ-ਫਿਰਦੀ ਹੈ, ਸੌਖਾ ਜੀਵਨ ਬਿਤਾਂਦੀ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫਿਕਰ ਹੋ ਕੇ ਪਹੁੰਚਦੀ ਹੈ। ਉਹ ਜੀਵ ਇਸਤ੍ਰੀ ਸਦਾ ਪਰਮਾਤਮਾ ਦਾ ਨਾਮ ਜਪ ਕੇ ਧਰਮ-ਰਾਜ ਦਾ ਲੇਖਾ, ਧਰਮ-ਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ। ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ, ਇਸ ਮਨੁੱਖਾ ਜਨਮ ਵਿਚ ਗੁਰੂ ਦੀ ਸਰਨ ਪੈ ਕੇ, ਪਰਮਾਤਮਾ-ਪਤੀ ਦਾ ਦਰਸ਼ਨ ਕਰ ਲੈਂਦੀ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦੀ ਹੈ।1।
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥2॥
ਹੇ ਮੇਰੇ ਪਿਤਾ, ਪ੍ਰਭੂ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਗੁਰੂ ਦਾ ਬਖਸ਼ਿਆ ਹੋਇਆ ਗਿਆਨ-ਰੂਪ ਸੂਰਜ ਇਤਨਾ ਤੇਜ਼ ਜਗ-ਮਗ ਕਰ ਉੱਠਆ ਹੈ ਕਿ ਮੇਰੇ ਅੰਦਰੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ। ਗੁਰੂ ਦਾ ਦਿੱਤਾ ਗਿਆਨ, ਮੇਰੇ ਅੰਦਰ ਚਮਕ ਪਿਆ ਹੈ, ਮਾਇਆ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ, ਉਸ ਚਾਨਣ ਦੀ ਬਰਕਤ ਨਾਲ ਮੈਨੂੰ ਪਰਮਾਤਮਾ ਦਾ ਨਾਮ-ਰੂਪੀ ਕੀਮਤੀ ਰਤਨ ਲੱਭ ਪਿਆ ਹੈ। ਗੁਰੂ ਦੀ ਮੱਤ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁੱਖ ਮੁਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖਤਮ ਹੋ ਗਿਆ ਹੈ।
ਗੁਰੂ ਦੀ ਸਰਨ ਪਿਆਂ, ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜਿਸ ਦੀ ਹਸਤੀ ਤੱਕ ਕਾਲ ਪਹੁੰਚ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾ ਕਦੇ ਮਰਦਾ ਹੈ, ਨਾ ਕਦੇ ਜੰਮਦਾ ਹੈ। ਹੇ ਮੇਰੇ ਪਿਤਾ, ਗੁਰੂ ਦੀ ਸਰਨ ਪੈ ਕੇ ਮੇਰਾ, ਪ੍ਰਭੂ-ਪਤੀ ਨਾਲ ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ।2।
ਚੰਦੀ ਅਮਰ ਜੀਤ ਸਿੰਘ (ਚਲਦਾ)